ਸੁਨਾਮ : ਬਰਤਾਨੀਆ ਦੀਆਂ ਹਾਲ ਹੀ ਵਿੱਚ ਸੰਪੰਨ ਹੋਈਆਂ ਆਮ ਚੋਣਾਂ ਵਿੱਚ ਕੰਬੋਜ ਭਾਈਚਾਰੇ ਨਾਲ ਸਬੰਧਿਤ ਗੁਰਿੰਦਰ ਸਿੰਘ ਜੋਸ਼ਨ ਵੱਲੋਂ ਜਿੱਤ ਦਰਜ਼ ਕਰਨ ਦੀ ਖੁਸ਼ੀ ਵਿੱਚ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਨਤਮਸਤਕ ਹੋਣ ਉਪਰੰਤ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਉਂਜ ਇੰਨਾਂ ਚੋਣਾਂ ਵਿੱਚ 13 ਪੰਜਾਬੀਆਂ ਨੇ ਜਿੱਤ ਹਾਸਲ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਗੁਰਿੰਦਰ ਸਿੰਘ ਜੋਸ਼ਨ ਜੋਕਿ ਲੋਹੀਆਂ ਖਾਸ ਦੇ ਪਿੰਡ ਸਿੱਧੂਪੁਰ ਦੇ ਜੰਮਪਲ ਹਨ ਅਤੇ ਕੰਬੋਜ ਭਾਈਚਾਰੇ ਨਾਲ ਸਬੰਧ ਰੱਖਦੇ ਹਨ । ਇਸ ਮੌਕੇ ਮਾਸਟਰ ਕੇਹਰ ਸਿੰਘ ਜੋਸ਼ਨ, ਹਰਨੇਕ ਸਿੰਘ, ਬਲਦੇਵ ਸਿੰਘ , ਜਤਿੰਦਰ ਪਾਲ ਸਿੰਘ, ਪ੍ਰਿਤਪਾਲ ਸਿੰਘ ਥਿੰਦ, ਰਣਬੀਰ ਸਿੰਘ ਰਾਣਾ, ਪ੍ਰਿਤਪਾਲ ਸਿੰਘ, ਗੁਰਦੀਪ ਸਿੰਘ ਵਿੱਕੀ, ਹਰਚਰਨ ਸਿੰਘ, ਹਰਭਜਨ ਸਿੰਘ, ਲਖਨਪਾਲ ਸਿੰਘ ਆਦਿ ਨੇ ਕਿਹਾ ਕਿ ਗੁਰਿੰਦਰ ਸਿੰਘ ਜੋਸ਼ਨ ਦੀ ਹੋਈ ਸ਼ਾਨਦਾਰ ਜਿੱਤ ਨੇ ਕੰਬੋਜ ਭਾਈਚਾਰੇ ਦੇ ਮਾਣ ਵਿੱਚ ਅਥਾਹ ਵਾਧਾ ਕੀਤਾ ਹੈ। ਜੋਸਨ ਦੀ ਇਸ ਸ਼ਾਨਦਾਰ ਜਿੱਤ ਬਾਰੇ ਖੁਸ਼ੀ ਜ਼ਾਹਰ ਕਰਦਿਆਂ ਸ਼ਹੀਦ ਊਧਮ ਸਿੰਘ ਯਾਦਗਾਰੀ ਕਮੇਟੀ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ ਨੇ ਕਿਹਾ ਕਿ ਗੁਰਿੰਦਰ ਸਿੰਘ ਜੋਸ਼ਨ ਨੇ ਜਿੱਤ ਹਾਸਲ ਕਰਕੇ ਸਮੁੱਚੇ ਕੰਬੋਜ ਭਾਈਚਾਰੇ ਦਾ ਸਿਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਕੰਬੋਜ ਨੇ 84 ਸਾਲ ਪਹਿਲਾਂ ਲੰਡਨ ਦੇ ਕੈਕਸਟਨ ਹਾਲ ਵਿਖੇ ਮਾਇਕਲ ਉਡਵਾਇਰ ਨੂੰ ਮੌਤ ਦੇ ਘਾਟ ਉਤਾਰ ਕੇ ਜੱਲਿਆਂ ਵਾਲੇ ਬਾਗ਼ ਦੇ ਸਾਕੇ ਦਾ ਬਦਲਾ ਲਿਆ ਸੀ ਅਤੇ ਅੱਜ ਉਸੇ ਦੇਸ਼ ਵਿੱਚ ਇਸ ਕੰਬੋਜ ਭਾਈਚਾਰੇ ਨੇ ਸੰਸਦੀ ਚੋਣ ਜਿੱਤਕੇ ਇੱਕ ਵਾਰ ਫਿਰ ਤੋਂ ਕੰਬੋਜ ਭਾਈਚਾਰੇ ਦਾ ਸਿਰ ਫ਼ਖਰ ਨਾਲ ਉੱਚਾ ਕੀਤਾ ਹੈ।ਇਸ ਸ਼ਾਨਦਾਰ ਜਿੱਤ ਲਈ ਸਮੁੱਚਾ ਕੰਬੋਜ ਭਾਈਚਾਰਾ ਉਨ੍ਹਾਂ ਨੂੰ ਕੋਟਿ ਕੋਟਿ ਮੁਬਾਰਕਬਾਦ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਸ਼ਹੀਦ ਊਧਮ ਸਿੰਘ ਦੇ ਫੈਨ ਹਨ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਿੰਡ ਦੇ ਬਾਹਰ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਗੇਟ ਦਾ ਨਿਰਮਾਣ ਕਰਵਾਇਆ ਗਿਆ ਹੈ। ਇਸ ਮੌਕੇ ਮਾਸਟਰ ਕੇਹਰ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀਆਂ ਜੋ ਨਿਸ਼ਾਨੀਆਂ ਲੰਡਨ ਵਿਖੇ ਪਈਆ ਹਨ ਉਨਾਂ ਨਿਸ਼ਾਨੀਆਂ ਨੂੰ ਸੁਨਾਮ ਲਿਆਉਣ ਲਈ ਸਪੰਰਕ ਸਾਧਿਆ ਜਾਵੇਗਾ।