ਸੁਨਾਮ : ਸੁਨਾਮ ਸ਼ਹਿਰ ਦੀ ਇੰਦਰਾ ਬਸਤੀ ਦੇ ਕੁੱਝ ਖੇਤਰ ਅੰਦਰ ਪਿਛਲੇ ਕਰੀਬ ਦਸ ਦਿਨਾਂ ਤੋਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ ਵਿੱਚ ਰਲਕੇ ਆਉਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਲਕੇ ਆਉਣ ਕਾਰਨ ਡਾਇਰੀਆ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਜਿਸ ਨੂੰ ਲੈਕੇ ਕਈ ਦਿਨਾਂ ਤੋਂ ਨਗਰ ਕੌਂਸਲ ਦੇ ਮੁਲਾਜ਼ਮ ਉਕਤ ਸਮੱਸਿਆ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ ਲੇਕਿਨ ਖ਼ਬਰ ਲਿਖੇ ਜਾਣ ਤੱਕ ਮਾਮਲਾ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਜਿਸ ਨੂੰ ਲੈਕੇ ਅੱਜ ਵਾਰਡ ਦੇ ਵਿੱਚ ਜਿੱਥੇ ਨਗਰ ਕੌਂਸਲ ਦੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਪਲਾਈ ਚੈੱਕ ਕਰ ਰਹੇ ਸੀ ਉੱਥੇ ਹੀ ਸੀਵਰੇਜ ਬੋਰਡ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਵੀ ਚੈਕਿੰਗ ਕੀਤੀ ਗਈ। ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਉਕਤ ਸਮੱਸਿਆ ਦੇ ਹੱਲ ਲਈ ਵਾਰਡ ਨੰਬਰ 18 ਦੇ ਕੌਂਸਲਰ ਆਸ਼ੂ ਖਡਿਆਲੀਆ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਵੀ ਮੌਕੇ ਤੇ ਮੌਜੂਦ ਰਹੇ। ਸੀਵਰੇਜ ਬੋਰਡ ਦੇ ਅਧਿਕਾਰੀ ਗਗਨ ਕੁਮਾਰ ਵੱਲੋਂ ਮੌਕੇ ਤੇ ਪੁੱਜਕੇ ਵੱਖ-ਵੱਖ ਘਰਾਂ ਦੇ ਵਿੱਚ ਪਾਣੀ ਦੀ ਚੈਕਿੰਗ ਕੀਤੀ ਗਈ। ਉਹਨਾਂ ਵੱਲੋਂ ਕਈ ਥਾਵਾਂ ਤੇ ਮੌਕੇ ਤੇ ਆਪ ਪਾਣੀ ਵੀ ਪੀਤਾ। ਇਸ ਮੌਕੇ ਗਗਨ ਕੁਮਾਰ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਬਾਲਕ੍ਰਿਸ਼ਨ ਨੇ ਕਿਹਾ ਕਿ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਵਾਟਰ ਸਪਲਾਈ ਦੇ ਕਨੈਕਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਪਾਈਪ ਤਾਂ ਖਰਾਬ ਨਹੀਂ, ਉਹਨਾਂ ਨੇ ਕਿਹਾ ਕਿ ਇਸਨੂੰ ਲੈ ਕੇ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਅਧਿਕਾਰੀ ਮੌਕੇ ਤੇ ਇਸ ਗੱਲ ਦੀ ਜਾਂਚ ਕਰ ਰਹੇ ਹਨ। ਨਗਰ ਕੌਂਸਲਰ ਆਸ਼ੂ ਖਡਿਆਲੀਆ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਮੁਲਾਜ਼ਮਾਂ ਨਾਲ ਰਾਵਤਾ ਰੱਖਕੇ ਇਸ ਨੂੰ ਸਹੀ ਕਰਵਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਯਕੀਨ ਹੈ ਕਿ ਇਹ ਸਮੱਸਿਆ ਜਲਦ ਤੋਂ ਜਲਦ ਠੀਕ ਹੋ ਜਾਵੇਗੀ।