ਬਸੀ ਪਠਾਣਾ : ਸਹਿਕਾਰਤਾ ਲਹਿਰ ਨੇ ਪੰਜਾਬ ਵਿੱਚ ਹਰੀ ਅਤੇ ਚਿੱਟੀ ਕ੍ਰਾਂਤੀ ਲਿਆਉਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ। ਅਜੋਕੇ ਸਮੇਂ ਵਿੱਚ ਇਸ ਲਹਿਰ ਬਿਨਾਂ ਆਧੁਨਿਕ ਖੇਤੀ ਅਤੇ ਪੇਂਡੂ ਭਲਾਈ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬਸੀ ਪਠਾਣਾ ਸ੍ਰੀ ਰੁਪਿੰਦਰ ਸਿੰਘ ਹੈਪੀ ਨੇ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬਸੀ ਪਠਾਣਾ ਵੱਲੋਂ ਕਰਵਾਏ ਗਏ ਸਲਾਨਾ ਆਮ ਇਜਲਾਸ ਮੌਕੇ ਕੀਤਾ। ਉਹਨਾਂ ਕਿਹਾ ਕਿ ਸਹਿਕਾਰੀ ਵਿਕਾਸ ਬੈਂਕਾਂ ਦੀ ਸਥਾਪਨਾ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਸਕੀਮਾਂ ਦੇ ਕਰਜ਼ਿਆਂ ਦੀਆਂ ਸਹੂਲਤਾਂ ਲਈ ਕੀਤੀ ਗਈ ਹੈ। ਵਿਧਾਇਕ ਨੇ ਬੈਂਕਾਂ ਵਿੱਚ ਵੱਧ ਤੋਂ ਵੱਧ ਅਮਾਨਤਾਂ ਰੱਖਣ, ਕਰਜ਼ਾ ਸਮੇਂ ਸਿਰ ਵਾਪਸ ਕਰਨ ਦੀ ਅਪੀਲ ਕਰਦਿਆਂ ਮੈਂਬਰਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਜਨਰਲ ਬਾਡੀ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਮ ਕਰਨ ਤੇ ਧੰਨਵਾਦ ਵੀ ਕੀਤਾ।
ਇਸ ਮੌਕੇ ਤੇ ਪੀ.ਏ.ਡੀ.ਬੀ ਬਸੀ ਪਠਾਣਾ ਦੇ ਚੇਅਰਮੈਨ ਨੇ ਦੱਸਿਆ ਕਿ ਸਹਿਕਾਰੀ ਲਹਿਰ ਹੁਣ ਖੇਤੀ ਵਿਕਾਸ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਸ ਨੇ ਮਨੁੱਖੀ ਜੀਵਨ ਦੇ ਹਰ ਖੇਤਰ ਵਿੱਚ ਪ੍ਰਵੇਸ਼ ਕੀਤਾ ਹੈ। ਕਿਉਂਕਿ ਪੰਜਾਬ ਦੀ ਆਰਥਿਕਤਾ ਅੱਜ ਵੀ ਖੇਤੀ ਤੇ ਨਿਰਭਰ ਹੈ ਅਤੇ ਖੇਤੀ ਲਈ ਸਸਤੇ ਕਰਜ਼ੇ, ਮਸ਼ਿਨਰੀ ਅਤੇ ਸਹਾਇਕ ਧੰਦੇ ਅਪਣਾਉਣ ਕਾਰਨ ਪੰਜਾਬ ਤਰੱਕੀ ਵੱਲ ਜਾ ਰਿਹਾ ਹੈ। ਉਹਨਾਂ ਮੈਂਬਰਾਂ ਨੂੰ ਬੈਂਕ ਦਾ ਕਾਰੋਬਾਰ ਵਧਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਪੀ.ਏ.ਡੀ.ਬੀ. ਬਸੀ ਪਠਾਣਾ ਦੇ ਮੈਨੇਜਰ ਸ੍ਰੀਮਤੀ ਨਿਧੀ ਸ਼ਿਬੇ ਨੇ ਬੈਂਕ ਦੀ ਸਲਾਨਾ ਰਿਪੋਰਟ ਸਾਲ 2022-2023 ਪੇਸ਼ ਕੀਤੀ ਅਤੇ ਬੈਂਕ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਤੇ ਇੰਸਪੈਕਟਰ ਸ੍ਰੀ ਗੁਰਪ੍ਰੀਤ ਸਿੰਘ, ਸ.ਕਿਹਰ ਸਿੰਘ ਕੰਗ, ਸ੍ਰੀ ਸੰਤ ਸਿੰਘ ਨੰਦਪੁਰ, ਸ੍ਰੀ ਕਰਨੈਲ ਸਿੰਘ ਡਡਿਆਣਾ, ਸ. ਹਰਭਜਨ ਸਿੰਘ ਡਾਇਰੈਕਟਰ ਮਿਲਕ ਫੈਡ, ਸ. ਸਮਿੰਦਰ ਸਿੰਘ ਨਰਿਖਕ, ਸ੍ਰੀ ਗੁਰਪ੍ਰੀਤ ਸਿੰਘ ਅੰਕੜਾ ਸਹਾਇਕ ਏ. ਆਰ. ਦਫ਼ਤਰ, ਸ੍ਰੀ ਕਰਮਜੀਤ ਸਿੰਘ ਧੂੰਦਾ, ਸਾਬਕਾ ਡਾਇਰੈਕਟਰ ਨੇ ਆਪਣੇ ਵਿਚਾਰ ਸਾਂਝੇ ਕੀਤੇ।