ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਨ ਸੁਵਿਧਾ ਕੈਂਪਾਂ ਵਾਲੀ ਪਹਿਲਕਦਮੀ ਨੇ ਲੋਕਾਂ ਨੂੰ ਕੀਤਾ ਸੁਖਾਲਾ-ਪਠਾਣਮਾਜਰਾ
ਦੇਵੀਗੜ੍ਹ : ਅੱਜ ਸਨੌਰ ਹਲਕੇ ਦੇ ਪਿੰਡ ਘੜਾਮ ਵਿਖੇ ਲਗਾਏ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਜਨ ਸੁਵਿਧਾ ਕੈਂਪ ਮੌਕੇ ਪੁੱਜੀਆਂ 111 ਦਰਖਾਸਤਾਂ ਵਿੱਚੋਂ 66 ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ ਨੇ ਲੋਕਾਂ ਦੇ ਮਸਲੇ ਸੁਣ ਕੇ ਮੌਕੇ 'ਤੇ ਹੀ ਹੱਲ ਕੀਤੇ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਮਨਜੀਤ ਕੌਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਜਨ ਸੁਵਿਧਾ ਕੈਂਪ ਦੀ ਸ਼ੁਰੂ ਕੀਤੀ ਗਈ ਨਿਵੇਕਲੀ ਪਹਿਲਕਦਮੀ ਨੇ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਹੋਣ ਵਾਲੀ ਖੱਜਲ ਖੁਆਰੀ ਨੂੰ ਬੰਦ ਕਰਕੇ ਲੋਕਾਂ ਨੂੰ ਸੁਖਾਲਾ ਕੀਤਾ ਹੈ।
ਪਠਾਣਮਾਜਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਕੈਂਪਾਂ ਵਿੱਚ ਪੁੱਜਣ ਅਤੇ ਇਨ੍ਹਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਉਹ ਖ਼ੁਦ ਅਤੇ ਉਨ੍ਹਾਂ ਦਾ ਪਰਿਵਾਰ ਸਦਾ ਹੀ ਹਾਜਰ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਮਸਲੇ ਤੁਰੰਤ ਅਤੇ ਮੌਕੇ 'ਤੇ ਹੀ ਹੱਲ ਕੀਤੇ ਜਾਣ। ਏ.ਡੀ.ਸੀ. ਕੰਚਨ ਨੇ ਲੋਕਾਂ ਦੀਆਂ ਦਰਖਾਸਤਾਂ ਸਬੰਧਤ ਵਿਭਾਗਾਂ ਨੂੰ ਭੇਜ ਕੇ ਉਨ੍ਹਾਂ ਦੇ ਮੌਕੇ 'ਤੇ ਹੱਲ ਕਰਵਾਏ, ਸਿੱਟੇ ਵਜੋਂ ਇਸ ਜਨ ਸੁਵਿਧਾ ਕੈਂਪ ਮੌਕੇ ਪੁੱਜੀਆਂ 111 ਦਰਖਾਸਤਾਂ ਵਿੱਚੋਂ 66 ਦਾ ਤੁਰੰਤ ਹੱਲ ਕੀਤਾ ਗਿਆ ਅਤੇ ਬਾਕੀ ਨੂੰ ਵੀ ਕਾਰਵਾਈ ਲਈ ਅੱਗੇ ਭੇਜ ਦਿੱਤਾ ਗਿਆ। ਐਸ.ਡੀ.ਐਮ. ਮਨਜੀਤ ਕੌਰ ਨੇ ਦੱਸਿਆ ਕਿ ਸਬ ਡਵੀਜਨ ਵਿੱਚ ਅਜਿਹੇ ਕੈਂਪ ਲਗਾਤਾਰ ਲਗਾਏ ਜਾਣਗੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੇ ਮਸਲੇ ਨਿਬੇੜੇ ਅਤੇ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ 'ਤੇ ਹੀ ਪ੍ਰਦਾਨ ਕੀਤਾ।