ਸੁਨਾਮ : ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਨਾਗਰਿਕਾਂ ਨੂੰ ਮੁੱਢਲੀਆਂ ਲੋੜਾਂ ਮੁੱਹਈਆ ਕਰਵਾਉਣ ਲਈ ਐਤਵਾਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੱਖ ਵੱਖ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ। ਹਲਕਾ ਸੁਨਾਮ ਦੇ 29 ਪਿੰਡਾਂ ਵਿੱਚ 1.54 ਕਰੋੜ ਰੁਪਏ ਦੀ ਲਾਗਤ ਆਵੇਗੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਉਹਨਾਂ ਦੁਆਰਾ ਸਮੇਂ ਸਮੇਂ ਉਤੇ ਕੀਤੇ ਜਾਂਦੇ ਦੌਰਿਆਂ ਦੇ ਦੌਰਾਨ ਜਿਹੜੇ ਵੀ ਨਿਵਾਸੀ ਉਹਨਾਂ ਨੂੰ ਜ਼ਿੰਦਗੀ ਬਤੀਤ ਕਰਨ ਲਈ ਮੁਢਲੀਆਂ ਸਹੂਲਤਾਂ ਦੀ ਅਣਹੋਂਦ ਬਾਰੇ ਜਾਣੂੰ ਕਰਵਾਉਂਦੇ ਹਨ, ਉਨਾਂ ਸਹੂਲਤਾਂ ਨੂੰ ਘੱਟ ਤੋਂ ਘੱਟ ਸਮੇਂ ਅੰਦਰ ਯਕੀਨੀ ਬਣਾਉਣ ਵਾਸਤੇ ਉਹ ਵਚਨਬੱਧ ਹਨ ਅਤੇ ਇਸੇ ਲੜੀ ਤਹਿਤ ਅੱਜ 29 ਪਿੰਡਾਂ ਵਿੱਚ 50 ਦੇ ਕਰੀਬ ਅਜਿਹੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਮੁਢਲੀਆਂ ਸਹੂਲਤਾਂ ਵੱਜੋਂ ਲੋਕਾਂ ਦੀ ਵੱਡੀ ਲੋੜ ਹਨ। ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਈ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਪੰਜਾਬ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਇਸ ਏਜੰਡੇ ਨੂੰ ਹਲਕਾ ਸੁਨਾਮ ਵਿੱਚ ਸਫਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਅਧੀਨ ਆਉਂਦੇ ਬਲਾਕ ਭਵਾਨੀਗੜ੍ਹ ਦੇ 3 ਪਿੰਡਾਂ, ਬਲਾਕ ਸੰਗਰੂਰ ਦੇ 13 ਪਿੰਡਾਂ ਅਤੇ ਬਲਾਕ ਸੁਨਾਮ ਦੇ 13 ਪਿੰਡਾਂ ਵਿੱਚ ਇਹ ਵਿਕਾਸ ਕਾਰਜ ਆਰੰਭ ਹੋ ਗਏ ਹਨ ਜਿਨਾਂ ਨੂੰ ਅਗਲੇ ਇੱਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਤੇ ਆਦੇਸ਼ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਵਸਦੇ ਲੋਕ ਉਹਨਾਂ ਦਾ ਆਪਣਾ ਪਰਿਵਾਰ ਹਨ ਅਤੇ ਆਪਣੇ ਇਸ ਪਰਿਵਾਰ ਦੀ ਹਰ ਲੋੜ ਨੂੰ ਪੂਰਾ ਕਰਨ ਵਿੱਚ ਉਹ ਕੋਈ ਕਸਰ ਬਾਕੀ ਨਹੀਂ ਛੱਡ ਰਹੇ । ਉਹਨਾਂ ਦੱਸਿਆ ਕਿ ਨਿਵਾਸੀਆਂ ਦੀ ਹਰ ਮੰਗ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਪੜਾਅਵਾਰ ਢੰਗ ਨਾਲ ਕੰਮ ਕਰਵਾਏ ਜਾ ਰਹੇ ਹਨ ਅਤੇ ਅੱਜ ਤੋਂ ਆਰੰਭ ਹੋ ਰਹੇ ਇਹ ਵਿਕਾਸ ਕਾਰਜ ਲੰਬੇ ਸਮੇਂ ਤੋਂ ਅਣਗੌਲੇ ਜਾਣ ਕਾਰਨ ਪਿੰਡਾਂ ਦੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਰਹੇ ਸਨ ਜਿਨਾਂ ਵਿੱਚ ਪਿੰਡਾਂ ਦੇ ਗੰਦੇ ਪਾਣੀ ਦੇ ਨਿਕਾਸ ਦੇ ਪੁਖਤਾ ਪ੍ਰਬੰਧ , ਪਿੰਡਾਂ ਵਿੱਚ ਬਣੀਆਂ ਧਰਮਸ਼ਾਲਾਵਾਂ ਦੇ ਕੰਮਾਂ ਨੂੰ ਪੂਰਾ ਕਰਨ ਤੇ ਮੁਰੰਮਤ, ਆਵਾਜਾਈ ਲਈ ਮਿਆਰੀ ਰਸਤੇ ਬਣਾਉਣ, ਗਲੀਆਂ ਦੇ ਖੜਵੰਜੇ ਆਦਿ ਜ਼ਰੂਰਤਾਂ ਸ਼ਾਮਲ ਹਨ।
ਇਸ ਮੌਕੇ ਬਲਜਿੰਦਰ ਸਿੰਘ ਬਲਾਕ ਪ੍ਰਧਾਨ, ਗੁਰਿੰਦਰ ਸਿੰਘ ਬਲਾਕ ਪ੍ਰਧਾਨ, ਸੁੱਖ ਸਾਹੋਕੇ ਬਲਾਕ ਪ੍ਰਧਾਨ, ਜਗਵੀਰ ਸਿੰਘ ਅਕਬਰਪੁਰ, ਗੁਰਦੀਪ ਸਿੰਘ ਤਕੀਪੁਰ, ਗੁਰਤੇਜ ਸਿੰਘ, ਅਵਤਾਰ ਸਿੰਘ ਤਾਰੀ, ਕੁਲਵਿੰਦਰ ਸਿੰਘ ਫੌਜੀ, ਜੱਗਾ ਝਾੜੋਂ, ਮਨਜੀਤ ਢੱਡਰੀਆਂ, ਗੋਪੀ ਢੱਡਰੀਆਂ, ਦਵਿੰਦਰ ਸਿੰਘ, ਸਾਹਿਬ ਸਿੰਘ, ਜੱਗਾ ਸਾਹੋਕੇ, ਜੋਧ ਸਿੰਘ ਵੀ ਹਾਜ਼ਿਰ ਸਨ।