ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਰੇਲ ਗੱਡੀ ਚਲਾਉਣ ਦਾ ਕੀਤਾ ਐਲਾਨ
ਜਿਣਸਾਂ ਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਾਨੂੰਨੀ ਗਾਰੰਟੀ ਨਾਲ ਪੰਜਾਬ ਨੂੰ ਹੋਵੇਗਾ ਭਾਰੀ ਨੁਕਸਾਨ
ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੱਕਾਂ ਨਾਲ ਕਮਾ ਰਹੇ ਧ੍ਰੋਹ
ਸੁਨਾਮ : ਕੇਂਦਰੀ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਧਿਆਨ ਐਨਡੀਏ ਸਰਕਾਰ ਦੇ ਅਗਲੇ ਚਾਰ ਬਜ਼ਟਾਂ ਵਿੱਚੋਂ ਕਿਸੇ ਇੱਕ ਬਜਟ ਵਿੱਚ ਪੰਜਾਬ ਦਾ ਨਾਂਅ ਰੌਸ਼ਨ ਕਰਨ ’ਤੇ ਹੋਵੇਗਾ। ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵਿਸ਼ੇਸ਼ ਪੈਕੇਜ ਦਿਵਾਉਣ ਲਈ ਯਤਨ ਕੀਤੇ ਜਾਣਗੇ। ਐਤਵਾਰ ਨੂੰ ਸੁਨਾਮ ਵਿਖੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੀਆਂ ਨਿੱਜੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੁਪਨਾ ਪੰਜਾਬ ਨੂੰ ਮੁੜ ਪੈਰਾਂ 'ਤੇ ਖੜ੍ਹਾ ਦੇਖਣਾ ਹੈ। ਪੰਜਾਬ ਦੀ ਵਿੱਤੀ ਹਾਲਤ ਬਹੁਤ ਗੰਭੀਰ ਹੈ। ਉਹ ਜ਼ੋਰ ਦੇਣਗੇ ਕਿ ਪੰਜਾਬ ਨੂੰ ਆਂਧਰਾ ਪ੍ਰਦੇਸ਼ ਅਤੇ ਬਿਹਾਰ ਵਾਂਗ ਕੇਂਦਰ ਤੋਂ ਪੈਕੇਜ ਅਤੇ ਪ੍ਰੋਜੈਕਟ ਮਿਲਣ, ਇਸ ਲਈ ਉਹ ਹਰ ਸੰਭਵ ਯਤਨ ਕਰਨਗੇ ਤਾਂ ਹੀ ਸਰਹੱਦੀ ਸੂਬਾ ਪੰਜਾਬ ਦੇਸ਼ ਦੇ ਅਗਾਂਹਵਧੂ ਸੂਬਿਆਂ ਦਾ ਮੁਕਾਬਲਾ ਕਰ ਸਕੇਗਾ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਹਾਨ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਲਾਨ ਕੀਤਾ ਕਿ ਦੇਸ਼ ਦੇ ਇਸ ਮਹਾਨ ਨਾਇਕ ਦੇ ਨਾਂਅ 'ਤੇ ਜਲਦੀ ਹੀ ਰੇਲ ਗੱਡੀ ਚਲਾਈ ਜਾਵੇਗੀ। ਸ਼ਹੀਦੀ ਸਮਾਰਕ ਵਾਲੀ ਥਾਂ 'ਤੇ ਆਡੀਟੋਰੀਅਮ ਬਣਾਉਣ ਦੀ ਉਠਾਈ ਗਈ ਮੰਗ ਨੂੰ ਵੀ ਪੂਰਾ ਕਰਾਂਗੇ। ਸੁਨਾਮ ਵਿੱਚ ਰੇਲਵੇ ਪ੍ਰਾਜੈਕਟਾਂ ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਮਿਹਨਤ ਅਤੇ ਯਤਨਾਂ ਸਦਕਾ ਜਲਦੀ ਹੀ ਸਾਰੇ ਕੰਮ ਮੁਕੰਮਲ ਹੋ ਜਾਣਗੇ। ਦੀਵਾਰ ਹਟਾਕੇ ਸੜਕ ਨੂੰ ਚੌੜਾ ਕਰਨ ਦਾ ਵੱਡਾ ਪ੍ਰਾਜੈਕਟ ਸ਼ੁਰੂ ਹੋ ਗਿਆ ਹੈ। ਸੁਨਾਮ ਵਿੱਚ ਨਵੀਂ ਤਕਨੀਕ ਨਾਲ ਰੇਲਵੇ ਅੰਡਰਬ੍ਰਿਜ ਦਾ ਕੰਮ ਸ਼ੁਰੂ ਹੋਵੇਗਾ ਅਤੇ ਫੁੱਟ ਓਵਰਬ੍ਰਿਜ ਵੀ ਬਣਾਇਆ ਜਾਵੇਗਾ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਾਅਵਾ ਕੀਤਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਦੇ ਅੰਦਰਖਾਤੇ ਸਮਝੌਤਿਆਂ ਦੇ ਬਾਵਜੂਦ ਭਾਜਪਾ ਨੇ ਪੰਜਾਬ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਦਲ ਨੇ ਬਠਿੰਡਾ ਸੀਟ ਜਿੱਤਣ ਲਈ ਕਈ ਸਿਆਸੀ ਪਾਰਟੀਆਂ ਨਾਲ ਅੰਦਰੂਨੀ ਸਮਝੌਤੇ ਕੀਤੇ ਹਨ। ਕਾਂਗਰਸ ਤੇ ‘ਆਪ’ ਨੇ ਇੱਕ ਦੂਜੇ ਨੂੰ ਵੋਟਾਂ ਪਾਈਆਂ। ਲੋਕ ਸਭਾ ਚੋਣਾਂ ਦੌਰਾਨ ਕਈ ਕਿਸਾਨ ਜਥੇਬੰਦੀਆਂ ਦੇ ਚਿਹਰੇ ਬੇਨਕਾਬ ਹੋ ਚੁੱਕੇ ਹਨ। ਚੋਣਾਂ ਖਤਮ ਹੋ ਗਈਆਂ ਹਨ ਅਤੇ ਹੁਣ ਭਾਜਪਾ ਸਾਰੇ ਪਹਿਲੂਆਂ ਨੂੰ ਜਨਤਾ ਦੇ ਸਾਹਮਣੇ ਰੱਖੇਗੀ।
ਐਮ ਐਸ ਪੀ 'ਤੇ ਕਾਨੂੰਨੀ ਗਾਰੰਟੀ 'ਤੇ ਉੱਠੇ ਸਵਾਲ
ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਐਮ ਐਸ ਪੀ 'ਤੇ ਕਾਨੂੰਨੀ ਗਾਰੰਟੀ ਦੀ ਮੰਗ ਕਰਕੇ ਆਪਣੇ ਪੈਰਾਂ 'ਤੇ ਕੁਹਾੜੀ ਮਾਰ ਰਹੀਆਂ ਹਨ। ਅਜਿਹੇ ਲੋਕ ਪੰਜਾਬ ਦੇ ਅਤੇ ਪੰਜਾਬ ਦੇ ਕਿਸਾਨਾਂ ਦੇ ਦੁਸ਼ਮਣ ਹਨ। ਬਿੱਟੂ ਨੇ ਕਿਹਾ ਕਿ ਉਹ ਦੇਸ਼ ਦੇ ਮੰਤਰੀ ਹਨ ਪਰ ਸਭ ਤੋਂ ਪਹਿਲਾਂ ਉਹ ਪੰਜਾਬੀ ਹਨ ਇਸ ਲਈ ਉਹ ਕਹਿ ਰਹੇ ਹਨ ਕਿ ਜੇਕਰ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਤਾਂ ਪੰਜਾਬ ਦੀ ਬਜਾਏ ਹੋਰਨਾਂ ਸੂਬਿਆਂ ਤੋਂ ਫਸਲਾਂ ਦੀ ਖਰੀਦ ਕੀਤੀ ਜਾਵੇਗੀ। ਮੌਜੂਦਾ ਸਮੇਂ 'ਚ ਪੰਜਾਬ 'ਚੋਂ 70 ਹਜ਼ਾਰ ਕਰੋੜ ਰੁਪਏ ਦੀਆਂ ਫਸਲਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੀਆਂ ਜਾਂਦੀਆਂ ਹਨ। ਜੇਕਰ ਕਾਨੂੰਨੀ ਗਾਰੰਟੀ ਮੰਨ ਲਈ ਜਾਵੇ ਤਾਂ ਪੰਜਾਬ ਵਿੱਚੋਂ ਸਿਰਫ਼ 5000 ਕਰੋੜ ਰੁਪਏ ਦੀਆਂ ਫ਼ਸਲਾਂ ਹੀ ਖਰੀਦੀਆਂ ਜਾਣਗੀਆਂ। ਉਨ੍ਹਾਂ ਜਥੇਬੰਦੀਆਂ ਨੂੰ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਦੀ ਅਪੀਲ ਕੀਤੀ। ਭਾਜਪਾ ਦੀ ਕਿਸਾਨਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੀਤੀ ਆਯੋਗ ਦੀ ਮੀਟਿੰਗ 'ਚ ਸ਼ਾਮਲ ਨਾ ਹੋ ਕੇ ਪੰਜਾਬੀਆਂ ਦੇ ਹਿੱਤਾਂ ਨਾਲ ਧ੍ਰੋਹ ਕਮਾ ਰਹੇ ਹਨ। ਪੰਜਾਬ ਨੂੰ ਵੱਡੇ ਵਿਕਾਸ ਪ੍ਰੋਜੈਕਟਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਅਹਿਸਾਸ ਹੋਣ ਲੱਗਾ ਹੈ ਕਿ ਪੰਜਾਬ ਨੂੰ ਵੀ ਡਬਲ ਇੰਜਣ ਵਾਲੀ ਸਰਕਾਰ ਦੀ ਲੋੜ ਹੈ। ਇਸ ਮੌਕੇ ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ, ਸੂਬਾ ਸਕੱਤਰ ਦਮਨ ਥਿੰਦ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਰਾਜੀਵ ਕੁਮਾਰ ਮੱਖਣ, ਸੰਜੇ ਗੋਇਲ, ਧਰਮਿੰਦਰ ਸਿੰਘ ਦੁੱਲਟ, ਮੋਨਿਕਾ ਗੋਇਲ, ਪ੍ਰੇਮ ਗੁਗਨਾਨੀ, ਬਲਜਿੰਦਰ ਸਿੰਘ ਮੱਲ੍ਹੀ, ਸ਼ੰਕਰ ਬਾਂਸਲ, ਕੁਲਭੂਸ਼ਨ ਗੋਇਲ ਆਦਿ ਹਾਜ਼ਰ ਸਨ।