ਰੂਸ ਦੀ ਫੌਜ਼ ਵਿੱਚ ਜਬਰੀ ਭਰਤੀ ਹੋਏ ਪਿੰਡ ਕਲਿਆਣ ਦੇ ਨੌਜਵਾਨ ਨੂੰ ਭਾਰਤ ਲਿਆਉਣ ਦੀ ਮੰਗ,ਵਧੀਕ ਡਿਪਟੀ ਕਮਿਸ਼ਨਰ ਨੇ ਦਿੱਤਾ ਭਰੋਸਾ
02 ਅਗਸਤ ਨੂੰ ਪਿੰਡ ਬਨਭੌਰਾ ਵਿਖੇ ਲੱਗੇਗਾ ਜਨ ਸੁਣਵਾਈ ਕੈਂਪ
ਮਾਲੇਰਕੋਟਲਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਆਪ ਦੀ ਸਰਕਾਰ-ਆਪ ਦੇ ਦੁਆਰ' ਸਕੀਮ ਤਹਿਤ ਪਿੰਡ ਪੱਧਰੀ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰੀ ਕੰਮ ਕਰਵਾਉਣ ਸਮੇਂ ਪੇਸ਼ ਆਉਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਖਤਮ ਕੀਤਾ ਜਾ ਸਕੇ। ਇਸ ਸਦਕੇ ਹੁਣ ਲੋਕਾਂ ਦੇ ਸਰਕਾਰੀ ਕੰਮ ਉਨ੍ਹਾਂ ਦੇ ਪਿੰਡਾਂ ਵਿੱਚ ਹੋਣ ਲੱਗ ਪਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਮੌਕੇ ਉੱਪਰ ਹੀ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਸੁਣਕੇ ਮੌਕੇ ਤੇ ਹੀ ਨਿਪਟਾਰਾ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਅੱਜ ਅਹਿਮਦਗੜ੍ਹ ਸਬ ਡਵੀਜ਼ਨ ਦੇ ਪਿੰਡ ਕਲਿਆਣ ਵਿਖੇ ਪਿੰਡ ਨਿਵਾਸੀਆਂ ਦੀਆਂ ਮੁਸ਼ਕਿਲਾਂ/ਸਮੱਸਿਆਵਾਂ ਸੁਣਨ ਲਈ ਵਿਸ਼ੇਸ਼ ਜਨ ਸੁਣਵਾਈ ਕੈਂਪ ਲਗਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਪਾਲ ਸਿੰਘ ਅਤੇ ਐਸ.ਡੀ.ਐਮ. ਸ੍ਰੀ ਗੁਰਮੀਤ ਕੁਮਾਰ ਬਾਂਸਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਤੇ ਲੋਕਾਂ ਵਿੱਚ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਪ੍ਰਤੀ ਜਾਗਰੂਕਤਾ ਫੈਲਾਈ। ਇਸ ਮੌਕੇ ਪਿੰਡ ਕਲਿਆਣ ਦੇ ਵਸਨੀਕ ਸ੍ਰੀ ਗੁਰਮੇਲ ਸਿੰਘ ਨੇ ਆਪਣੇ ਪੁੱਤਰ ਨੂੰ ਰੂਸ ਫੌਜ਼ ਵਿੱਚ ਜਬਰੀ ਭਰਤੀ ਕਰਨ ਦਾ ਮਾਮਲਾ ਵਧੀਕ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪੱਤਰ ਬੁੱਧ ਰਾਮ ਸਿੰਘ ਨੂੰ ਰੂਸ ਵਿੱਚ ਜਬਰੀ ਭਰਤੀ ਕਰ ਲਿਆ ਗਿਆ ਸੀ। ਉਸ ਵੱਲੋਂ ਇੱਕ ਮਹੀਨੇ ਦੀ ਤਨਖ਼ਾਹ ਵੀ ਭੇਜੀ ਗਈ ਸੀ। ਪਰ 26 ਦਸੰਬਰ 2023 ਤੋ ਲੈ 26 ਮਾਰਚ 2024 ਤੱਕ ਪਰਿਵਾਰ ਦੀ ਬੁੱਧ ਰਾਮ ਨਾਲ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਉਸ ਦਾ ਥਹੁ ਟਿਕਾਣਾ ਪਤਾ ਲੱਗਿਆ। ਇਸ ਲਈ ਉਨ੍ਹਾਂ ਦੀ ਬੇਨਤੀ ਹੈ ਕਿ ਉਨ੍ਹਾਂ ਦੇ ਪੱਤਰ ਬੁੱਧ ਰਾਮ ਸਿੰਘ ਨੂੰ ਭਾਰਤ ਵਾਪਸ ਲਿਆਂਦਾ ਜਾਵੇ।
ਵਧੀਕ ਡਿਪਟੀ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਸਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆਉਣਗੇ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜ ਪਾਲ ਸਿੰਘ ਨੇ ਕਿਹਾ ਲੋਕਾਂ ਦੀ ਖ਼ੱਜਲ-ਖ਼ੁਆਰੀ ਖਤਮ ਕਰਨ ਦੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਇੰਨ ਬਿਨ ਪਾਲਣਾ ਕਰਕੇ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਵਿਸ਼ੇਸ਼ ਜਨ ਸੁਣਵਾਈ ਕੈਂਪਾਂ ਰਾਹੀਂ ਪਾਰਦਰਸੀ ਤਰੀਕੇ ਨਾਲ ਲਾਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਸ਼ਾ ਜਾਹਰ ਕਰਦਿਆ ਕਿਹਾ ਕਿ ਬਹੁਤ ਸਾਰੇ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਤੁਰੰਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਕੇਸਾਂ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਰਜ਼ੀਆਂ ਫਾਰਵਰਡ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਖ਼ਤ ਹਦਾਇਤ ਜਾਰੀ ਕੀਤੀ ਗਈ ਹੈ ਕਿ ਇਨ੍ਹਾਂ ਕੈਂਪਾਂ ਵਿੱਚ ਜਾਂ ਦਫ਼ਤਰਾਂ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਲਾਪਰਵਾਹੀ ਜਾਂ ਲੋਕਾਂ ਦੀ ਖੱਜਲ ਖ਼ੁਆਰੀ ਦੀ ਗੱਲ ਬਰਦਾਸ਼ਤ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਹੁਣ ਮਿਤੀ 2 ਅਗਸਤ ਨੂੰ ਪਿੰਡ ਬਨਭੌਰਾ ਵਿਖੇ ਵਿਸ਼ੇਸ਼ ਜਨ ਸੁਣਵਾਈ ਕੈਂਪ ਲਗਾ ਕੇ ਪਿੰਡ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ।