ਸੁਨਾਮ : ਕੁੱਲ ਹਿੰਦ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਡੇਰਾ ਸਿਰਸਾ ਨਾਲ ਜੁੜੇ ਰਹੇ ਪ੍ਰਦੀਪ ਕਲੇਰ ਵੱਲੋਂ ਉਜਾਗਰ ਕੀਤੇ ਅੰਦਰਲੇ ਭੇਦ ਨੇ ਸਿੱਧ ਕਰ ਦਿੱਤਾ ਹੈ ਕਿ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਦੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਵੇਂ ਡਰਾਮਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ ਦਬਾਅ ਪਾਕੇ ਡੇਰਾ ਮੁਖੀ ਲਈ ਮੁਆਫ਼ੀਨਾਮਾ ਤਿਆਰ ਕੀਤਾ ਗਿਆ। ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਸ ਸਮੇਂ ਸੂਬੇ ਅੰਦਰ ਪੰਥਕ ਅਖਵਾਉਂਦੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲ਼ੀ ਪਾਰਟੀ ਮੰਨੀ ਜਾਂਦੀ ਹੈ ਅਕਾਲੀ ਦਲ ਦੇ ਰਾਜ ਵਿੱਚ ਇਹੋ ਜਿਹਾ ਹੋਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਾਜ਼ਿਸ਼ ਰਚਣ ਲਈ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਲਈ ਮੁਆਫੀਨਾਮਾ ਹੀ ਕਾਫੀ ਨਹੀਂ ਹੋਵੇਗਾ ਬਲਕਿ ਇਸਤੋਂ ਵੀ ਅੱਗੇ ਜੇਕਰ ਸਿੱਖ ਪੰਥ ਵਿੱਚ ਕੋਈ ਹੋਰ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਨੂੰ ਚੱਲਦਿਆਂ ਕ਼ਰੀਬ ਨੌਂ ਸਾਲ ਬੀਤ ਗਏ ਹਨ ਬਾਗ਼ੀ ਅਕਾਲੀਆਂ ਨੂੰ ਦੇਰੀ ਨਾਲ ਚੇਤਾ ਆਇਆ ਹੈ ਉਨ੍ਹਾਂ ਨੂੰ ਪਹਿਲਾਂ ਬੋਲਣਾ ਚਾਹੀਦਾ ਸੀ। ਬੁੱਧਵਾਰ ਨੂੰ ਸੁਨਾਮ ਵਿਖੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਸੁਖਬੀਰ ਸਿੰਘ ਬਾਦਲ ਤੋਂ ਇੱਕ ਕਦਮ ਅੱਗੇ ਜਾਕੇ ਦੋਸ਼ੀਆਂ ਨੂੰ ਬਚਾਅ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬਿਜਲੀ ਸੰਕਟ ਸਿਖਰਾਂ ਤੇ ਹੈ ਸੂਬੇ ਦੀ ਸਰਕਾਰ ਬਿਜਲੀ ਸੰਕਟ ਦੇ ਹੱਲ ਲਈ ਗੰਭੀਰ ਨਹੀਂ। ਨਹਿਰੀ ਪਾਣੀ ਸੌ ਫ਼ੀਸਦੀ ਦੇਣ ਦੇ ਦਾਅਵਿਆਂ ਤੇ ਸਵਾਲ ਖੜ੍ਹੇ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਕੋਰਾ ਝੂਠ ਬੋਲਿਆ ਜਾ ਰਿਹਾ ਹੈ ਨਹਿਰੀ ਮਹਿਕਮੇ ਦੇ ਪਟਵਾਰੀਆਂ ਤੇ ਅਧਿਕਾਰੀਆਂ ਕੋਲੋਂ ਸੌ ਫ਼ੀਸਦੀ ਦੀਆਂ ਝੂਠੀਆਂ ਰਿਪੋਰਟਾਂ ਬਣਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਮੌਕੇ ਰਿੰਪਲ ਧਾਲੀਵਾਲ ਗੀਤਾ ਸ਼ਰਮਾ, ਪਵਨਜੀਤ ਸਿੰਘ ਹੰਝਰਾ, ਸੁਰਿੰਦਰ ਸਿੰਘ ਭਰੂਰ, ਜਗਦੇਵ ਸਿੰਘ ਦੌਲਾ ਸਿੰਘ ਵਾਲਾ, ਜਸਪਾਲ ਸਿੰਘ ਜੌੜਾ ਮਾਜ਼ਰਾ, ਕਿਰਨਜੀਤ ਸਿੰਘ ਮਿੱਠਾ, ਮਨਜੀਤ ਸਿੰਘ ਸਿੱਧੂ, ਐਡਵੋਕੇਟ ਹਰਪ੍ਰੀਤ ਸਿੰਘ, ਪ੍ਰਮੋਦ ਅਵਸਥੀ, ਸ਼ਸ਼ੀ ਅਗਰਵਾਲ, ਜਸਵੰਤ ਸਿੰਘ ਭੰਮ ਆਦਿ ਆਗੂ ਹਾਜ਼ਰ ਸਨ।