ਐਸਡੀਐਮ ਵੱਲੋਂ ਸੰਬੰਧਤ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼
ਸੁਨਾਮ : ਸੁਨਾਮ ਸ਼ਹਿਰ ਦੀ ਇੰਦਰਾ ਬਸਤੀ ਵਜੋਂ ਜਾਣੀ ਜਾਂਦੀ ਵਸੋਂ ਵਾਲੇ ਇਲਾਕੇ ਅੰਦਰ ਸੀਵਰੇਜ਼ ਦਾ ਗੰਦਾ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ਰਾਹੀਂ ਘਰਾਂ ਵਿੱਚ ਪੀਣ ਲਈ ਆਉਣ ਕਾਰਨ ਦੋ ਤਿੰਨ ਵਾਰਡਾਂ ਦੇ ਵਸਨੀਕ ਪਿਛਲੇ ਕਈ ਦਿਨਾਂ ਤੋਂ ਡਾਢੇ ਪ੍ਰੇਸ਼ਾਨ ਹੋ ਰਹੇ ਹਨ। ਗੰਦਾ ਪਾਣੀ ਮਿਲਕੇ ਆਉਣ ਨਾਲ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੈ, ਵਾਰਡ ਦੇ ਵਸਨੀਕਾਂ ਵੱਲੋਂ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ ਤੱਕ ਪਹੁੰਚ ਕਰਨ ਤੋਂ ਬਾਅਦ ਨਗਰ ਕੌਂਸਲ ਪ੍ਰਸ਼ਾਸਨ ਹਰਕਤ ਵਿੱਚ ਆਇਆ। ਉਂਜ ਨਗਰ ਕੌਂਸਲ ਦੇ ਸੇਵਾ ਮੁਕਤ ਕਰਮਚਾਰੀ ਅਤੇ ਵਾਰਡ ਨੰਬਰ 17 ਦੀ ਮੌਜੂਦਾ ਕੌਂਸਲਰ ਨਿਰਮਲਾ ਦੇਵੀ ਦੇ ਪਤੀ ਸੱਤਪਾਲ ਰਾਮ ਨੇ ਖੁਦ ਵਾਟਰ ਸਪਲਾਈ ਦੀਆਂ ਲਾਈਨਾਂ ਚੈੱਕ ਕਰਵਾਕੇ ਲੀਕੇਜ਼ ਲੱਭਣ ਲਈ ਯਤਨ ਕੀਤੇ। ਵਾਰਡ ਦੇ ਵਸਨੀਕਾਂ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ, ਨਰੰਜਨ ਸਿੰਘ, ਹਰਜੀਤ ਸਿੰਘ, ਇੰਦਰਜੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਵਾਟਰ ਸਪਲਾਈ ਦੀਆਂ ਪਾਈਪਾਂ ਰਾਹੀਂ ਸੀਵਰੇਜ਼ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਆ ਰਿਹਾ ਹੈ ਜਿਸ ਕਾਰਨ ਗੰਭੀਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਅਤੇ ਬੱਚੇ ਪੇਟ ਵਿੱਚ ਦਰਦ ਮਹਿਸੂਸ ਹੋਣ ਬਾਰੇ ਕਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੂੰ ਉਕਤ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਗਈ ਲੇਕਿਨ ਬਹੁਤੀ ਤਵੱਜੋ ਨਹੀਂ ਦਿੱਤੀ ਗਈ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਬਾਲਕ੍ਰਿਸ਼ਨ ਅਤੇ ਐਸਡੀਐਮ ਪ੍ਰਮੋਦ ਸਿੰਗਲਾ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਸੀ, ਇਸ ਦੌਰਾਨ ਐਸਡੀਐਮ ਨੇ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਮਸਲੇ ਦਾ ਹੱਲ ਬਿਨਾਂ ਦੇਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕਾਰਜਸਾਧਕ ਅਫਸਰ ਬਾਲ ਕ੍ਰਿਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਉੱਥੇ ਕਰਮਚਾਰੀ ਭੇਜੇ ਜਾ ਰਹੇ ਹਨ ਅਤੇ ਪਾਣੀ ਦੇ ਟੈਂਕਰ ਵੀ ਭੇਜੇ ਜਾਣਗੇ। ਨਗਰ ਕੌਂਸਲ ਦੇ ਸੇਵਾ ਮੁਕਤ ਕਰਮਚਾਰੀ ਸੱਤਪਾਲ ਰਾਮ ਨੇ ਦੱਸਿਆ ਕਿ ਵਾਟਰ ਸਪਲਾਈ ਦੀ ਪਾਣੀ ਵਾਲੀ ਪਾਈਪ ਦੇ ਟੁੱਟਣ ਦਾ ਪਤਾ ਲੱਗਣ ਤੇ ਉਥੇ ਠੀਕ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਮੇਜਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਇਹ ਨੁਕਸ ਲੱਭਿਆ ਗਿਆ ਹੈ ਅਤੇ ਇਹ ਠੀਕ ਕੀਤਾ ਜਾ ਰਿਹਾ ਹੈ।