ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਹੋਈ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਬਰਸੀ ਸਮਾਗਮ ਵਿੱਚ ਭਰਵਾਂ ਇਕੱਠ ਕਰਨ ਲਈ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਹੱਲਾਸ਼ੇਰੀ ਦਿੱਤੀ। ਅਕਾਲੀ ਸੁਧਾਰ ਲਹਿਰ ਵੱਲੋਂ 20 ਅਗਸਤ ਨੂੰ ਸੰਤ ਲੌਂਗੋਵਾਲ ਦੀ ਬਰਸੀ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਵਿਖੇ ਮਨਾਉਣ ਦਾ ਫੈਸਲਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜੀਡੀਅਮ ਦੇ ਮੈਂਬਰ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਕੇਵਲ ਵੋਟਾਂ ਲੈਕੇ ਸੱਤਾ ਹਾਸਲ ਕਰਨ ਲਈ ਕੁਰਬਾਨੀਆਂ ਨਹੀਂ ਦਿੱਤੀਆਂ ਸਗੋਂ ਉਹ ਤਾਂ ਚਾਹੁੰਦੇ ਸਨ ਕਿ ਲੋਕਾਂ ਨੂੰ ਅਜਿਹੀਆਂ ਸਹੂਲਤਾਂ ਅਤੇ ਰਿਆਇਤਾਂ ਮਿਲਣ ਜਿਸ ਨਾਲ ਜੀਵਨ ਸੁਖਾਲਾ ਤੇ ਵਧੀਆ ਹੋਵੇ ਲੇਕਿਨ ਸੁਖਬੀਰ ਸਿੰਘ ਬਾਦਲ ਅਕਾਲੀ ਅਸੂਲਾਂ, ਸਿੱਖ ਸਿਧਾਂਤਾਂ ਅਤੇ ਰਵਾਇਤਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਸਕੇ ਜਿਸ ਕਾਰਨ ਅਕਾਲੀ ਦਲ ਦਿਨੋਂ ਦਿਨ ਕਮਜ਼ੋਰ ਹੁੰਦਾ ਗਿਆ। ਪੰਜਾਬ ਦੇ ਅਕਾਲੀ ਸੋਚ ਵਾਲੇ ਲੋਕ ਅੱਜ ਵੀ ਪੰਥ ਤੇ ਪੰਜਾਬ ਦੀ ਸ਼ਾਨ ਲਈ ਜੀਅ ਜਾਨ ਨਾਲ ਸੇਵਾ ਕਰਨ ਦੇ ਇੱਛੁਕ ਹਨ। ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਪੰਥ ਤੇ ਪੰਜਾਬ ਨੂੰ ਜਲਦੀ ਹੀ ਇੱਕ ਅਜਿਹੀ ਲੀਡਰਸ਼ਿਪ ਦੇਵੇਗੀ ਜੋ ਸਿੱਖ ਸਿਆਸਤ ਅੰਦਰ ਸਾਰਿਆਂ ਦਾ ਵਿਸ਼ਵਾਸ ਮੋੜਕੇ ਲਿਆਵੇਗੀ। ਇਸ ਮੌਕੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਬਲਦੇਵ ਸਿੰਘ ਮਾਨ ਨੇ ਕਿਹਾ ਕਿ ਉਹ ਕਾਫ਼ੀ ਸਮਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਰਹੇ। ਉਹ ਪੰਥਕ ਆਗੂ ਤੇ ਸਿੱਖ ਸਿਧਾਂਤਾਂ ਉੱਪਰ ਅਮਲ ਕਰਨ ਤੋਂ ਇਲਾਵਾ ਨਿਸ਼ਚਿਤ ਤੌਰ ਤੇ ਪ੍ਰੇਰਨਾ ਸਰੋਤ ਆਗੂ ਸਨ। ਉਨ੍ਹਾਂ ਕਿਹਾ ਕਿ ਸੰਤ ਲੌਂਗੋਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਪੰਜਾਬ ਦੇ ਲੋਕਾਂ ਦੀ ਤਕਦੀਰ ਬਦਲ ਦੇਣ ਦਾ ਲਿਖਤੀ ਇਤਿਹਾਸਕ ਸਮਝੌਤਾ ਕੀਤਾ ਸੀ ਪਰ ਸਮੇਂ ਦੀ ਹਕੂਮਤ ਨੇ ਸਮਝੌਤਾ ਲਾਗੂ ਨਾ ਕਰਕੇ ਪੰਜਾਬ ਨਾਲ ਵੱਡਾ ਧ੍ਰੋਹ ਕਮਾਇਆ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦਾ ਭਵਿੱਖ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਹੈ। ਪੰਥ ਉਪਰ ਜੋ ਸੰਕਟ ਖੜ੍ਹਾ ਹੈ ਲੋਕਾਂ ਦੇ ਸਹਿਯੋਗ ਸਦਕਾ ਹੱਲ ਹੋਣਾ ਹੈ ਉਨ੍ਹਾਂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਵਿਚਾਰਧਾਰਾ ਦੇ ਸਮਰਥਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਮਜ਼ਬੂਤ ਕਰਨ ਲਈ ਜ਼ੋਰ ਲਾਉਣ ਤਾਂ ਕਿ ਪੰਥ ਅਤੇ ਪੰਜਾਬ ਦੀ ਅਗਵਾਈ ਯੋਗ ਲੀਡਰਸ਼ਿਪ ਦੇ ਹੱਥ ਵਿੱਚ ਆਵੇ। ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਕੁੱਝ ਆਗੂ ਨਾਕਾਮੀਆਂ ਛੁਪਾਉਣ ਲਈ ਭੱਦੀ ਬਿਆਨਬਾਜ਼ੀ ਕਰ ਰਹੇ ਹਨ ਜੋ ਸਿੱਖ ਸਿਆਸਤ ਉੱਪਰ ਬੋਝ ਬਣੇ ਹੋਏ ਹਨ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਨਾਲ ਅਕਾਲੀ ਸੋਚ ਦੇ ਲੋਕਾਂ ਤੇ ਸਮਰਥਕਾਂ ਦਾ ਉਤਸ਼ਾਹ ਵਧਿਆ ਹੈ।ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮਹਾਨ ਪੰਥਕ ਆਗੂਆਂ ਦੇ ਦਰਸਾਏ ਮਾਰਗ ਨੂੰ ਘਰ ਘਰ ਪਹੁੰਚਾਈਏ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 39ਵੀਂ ਬਰਸੀ ਮੌਕੇ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪਿੰਡ ਪਿੰਡ ਨੁੱਕੜ ਮੀਟਿੰਗਾਂ ਸ਼ੁਰੂ ਕਰੀਏ। ਇਸ ਮੌਕੇ ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਅਮਨਬੀਰ ਸਿੰਘ ਚੈਰੀ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ,ਸਤਗੁਰ ਸਿੰਘ ਨਮੋਲ, ਗੁਰਮੀਤ ਸਿੰਘ ਜੌਹਲ, ਚਮਕੌਰ ਸਿੰਘ ਮੋਰਾਂਵਾਲੀ, ਇਸਤਰੀ ਆਗੂ ਬੀਬੀ ਚਰਨਜੀਤ ਕੌਰ, ਸੁਖਦੇਵ ਸਿੰਘ ਅਮਰੂ ਕੋਟੜਾ,ਤੇਜਾ ਸਿੰਘ ਬਖਸ਼ੀਵਾਲਾ,ਨਰੰਗ ਸਿੰਘ ਝਾੜੋਂ, ਸੁਖਵਿੰਦਰ ਸਿੰਘ ਭੰਮਾਬੰਦੀ, ਮੇਵਾ ਸਿੰਘ ਉਪਲੀ,ਮੱਖਣ ਸਿੰਘ ਉੱਭਾਵਾਲ,ਬਘੀਰਥ ਗੀਰਾ, ਪ੍ਰੇਮ ਸਿੰਘ ਸਰਪੰਚ,ਸੋਹਣ ਸਿੰਘ ਭੰਗੂ, ਬਿੰਦਰ ਪਾਲ, ਗੁਰਜੰਟ ਸਿੰਘ ਨਮੋਲ, ਬੀਬੀ ਕਪੂਰ ਕੌਰ, ਸੁਖਦੇਵ ਸਿੰਘ ਕਿਲ੍ਹਾ ਭਰੀਆਂ, ਨਰਿੰਦਰ ਨੀਨਾ ਐਮ ਸੀ,ਕਿਸ਼ਨ ਸਿੰਘ ਜਖੇਪਲ, ਬਹਾਦਰ ਸਿੰਘ ਤੁੰਗਾਂ, ਸਤਿੰਦਰਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।