ਸੁਨਾਮ : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਅਮਨਬੀਰ ਸਿੰਘ ਚੈਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਸੋਚ ਨੂੰ ਖੁੰਢੀ ਕਰਨ ਤੇ ਉਤਾਰੂ ਹੋ ਰਿਹਾ ਹੈ, ਜਦਕਿ ਅਕਾਲੀ ਸੋਚ ਹੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਸਿੰਘ ਸਾਹਿਬਾਨ ਦੇ ਸਨਮੁੱਖ ਪੇਸ਼ ਹੋਣ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਅਕਾਲੀ ਆਗੂ ਡਾਕਟਰ ਨਰੇਸ਼ ਜਿੰਦਲ ਦਾ ਹਾਲ-ਚਾਲ ਪੁੱਛਣ ਪਹੁੰਚੇ ਅਮਨਬੀਰ ਸਿੰਘ ਚੈਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਤਾਨਾਸ਼ਾਹ ਵਾਂਗ ਚਲਾ ਰਹੇ ਹਨ। ਅਕਾਲੀ ਦਲ ਨੂੰ ਬੇਹੱਦ ਕਮਜ਼ੋਰ ਸਥਿਤੀ 'ਚ ਲਿਆਉਣ ਲਈ ਉਨ੍ਹਾਂ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਚੈਰੀ ਨੇ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤੀ ਸਮੇਂ ਦੀ ਲੋੜ ਹੈ ਅਤੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦਾ ਅਹੁਦਾ ਛੱਡਕੇ ਲਾਲਸਾ ਤਿਆਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸੋਚ ਦਾ ਆਧਾਰ ਹੀ ਪੰਜਾਬ ਦੀ ਬਿਹਤਰੀ ਅਤੇ ਸਿੱਖ ਪੰਥ ਦੀ ਸ਼ਾਨ ਬਹਾਲ ਰੱਖਣਾ ਹੈ ਜਦਕਿ ਦੂਜੀਆਂ ਪਾਰਟੀਆਂ ਪੰਜਾਬ ਨੂੰ ਆਪਣੇ ਹਿੱਤਾਂ ਲਈ ਵਰਤਕੇ ਆਰਥਿਕ ਤੌਰ 'ਤੇ ਖੋਖਲਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸੁਧਾਰ ਲਹਿਰ 20 ਅਗਸਤ ਨੂੰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮਨਾ ਰਹੀ ਹੈ। ਇਸ ਦੀ ਤਿਆਰੀ ਸਬੰਧੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਸੰਤ ਲੌਂਗੋਵਾਲ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੀ ਬਰਸੀ ਮੌਕੇ ਵਿਸ਼ਾਲ ਇਕੱਠ ਕਰਨਗੇ ਅਤੇ ਇਹ ਬਰਸੀ ਪੰਜਾਬ ਦੀ ਨਵੀਂ ਸਿਆਸੀ ਦਿਸ਼ਾ ਦਾ ਖਾਕਾ ਉਲੀਕੇਗੀ। ਇਸ ਮੌਕੇ ਡਾ: ਨਰੇਸ਼ ਜਿੰਦਲ, ਸਾਬਕਾ ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਪ੍ਰਿਤਪਾਲ ਸਿੰਘ ਕਾਲਾ ਆਦਿ ਆਗੂ ਹਾਜ਼ਰ ਸਨ |।