ਚੋਰ 17 ਤੋਲੇ ਸੋਨਾ ਤੇ ਇੱਕ ਲੱਖ ਰੁਪਏ ਲੁੱਟਕੇ ਹੋਏ ਫ਼ਰਾਰ
ਪੁਲਿਸ ਦੀ ਕਾਰਗੁਜ਼ਾਰੀ ਤੇ ਖੜ੍ਹੇ ਹੋਏ ਸਵਾਲ
ਚੋਰਾਂ ਦੀ ਪੈੜ ਨੱਪਣ ਲਈ ਪੁਲਿਸ ਕਰ ਰਹੀ ਹੈ ਜਾਂਚ
ਸੁਨਾਮ : ਸੁਨਾਮ ਦੀ ਹਦੂਦ ਨਾਲ ਲੱਗਦੇ ਥਾਣਾ ਸ਼ਹਿਰੀ ਸੁਨਾਮ ਅਧੀਨ ਆਉਂਦੇ ਪਿੰਡ ਜਗਤਪੁਰਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਕਰੀਬੀ ਰਿਸ਼ਤੇਦਾਰ ਦੇ ਘਰੋਂ ਚੋਰ ਕਰੀਬ 17 ਤੋਲੇ ਸੋਨਾ ਅਤੇ ਇੱਕ ਲੱਖ ਰੁਪਏ ਦੀ ਨਕਦੀ ਲੈਕੇ ਫਰਾਰ ਹੋ ਗਏ। ਘਟਨਾ ਦੇ ਸਮੇਂ ਘਰ ਦੇ ਸਾਰੇ ਮੈਂਬਰ ਸੁੱਤੇ ਹੋਏ ਸਨ ਅਤੇ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਵੀ ਨਹੀਂ ਲੱਗਾ। ਪਿੰਡ ਜਗਤਪੁਰਾ ਦੇ ਸਾਬਕਾ ਸਰਪੰਚ ਅਤੇ ਘਰ ਦੇ ਮਾਲਕ ਗੁਰਜੰਟ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਚੋਰ ਛੱਤ ਤੋਂ ਘਰ ਅੰਦਰ ਦਾਖਲ ਹੋਏ ਅਤੇ ਉਹ ਕਮਰੇ ਵਿੱਚ ਰੱਖੀ ਅਲਮਾਰੀ ਤੋੜਕੇ ਕਰੀਬ 17 ਤੋਲੇ ਸੋਨਾ ਅਤੇ ਇੱਕ ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਜਦੋਂ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਘਰ ਦੇ ਸਾਰੇ ਮੈਂਬਰ ਸੁੱਤੇ ਪਏ ਸਨ ਅਤੇ ਚੋਰ ਘਰ ਦੇ ਵਿਹੜੇ 'ਚੋਂ ਬਿਜਲੀ ਦਾ ਬੱਲਬ ਵੀ ਹੇਠਾਂ ਉਤਾਰ ਕੇ ਆਪਣੇ ਨਾਲ ਲੈ ਗਏ। ਸ਼ਹਿਰ ਦੀ ਹਦੂਦ ਨਾਲ ਲੱਗਦੇ ਪਿੰਡ ਵਿੱਚ ਵਾਪਰੀ ਚੋਰੀ ਦੀ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਘਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਨਕੇ ਪਰਿਵਾਰ (ਖਡਿਆਲ) ਦਾ ਹੈ। ਇਸੇ ਦੌਰਾਨ ਮੌਕੇ ’ਤੇ ਪੁੱਜੇ ਥਾਣਾ ਸ਼ਹਿਰੀ ਸੁਨਾਮ ਦੇ ਮੁਖੀ ਐਸਐਚਓ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪੁਲੀਸ ਚੋਰੀ ਦੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਜਲਦੀ ਹੀ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।