ਨਵੀਂ ਦਿੱਲੀ : ਕੋਰੋਨਾ ਵਾਇਰਸ ਸੰਕਟ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਦੇਸ਼ ਭਰ ਵਿਚ ਵੈਕਸੀਨ ਦੀ ਕਮੀ ਸਬੰਧੀ ਪ੍ਰਧਾਨ ਮੰਤਰੀ ਨੂੰ ਸੁਝਾਅ ਦਿਤੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵੈਕਸੀਨ ਦਾ ਉਤਪਾਦਨ ਵਧਾਉਣ ਲਈ ਵੈਕਸੀਨ ਦਾ ਫ਼ਾਰਮੂਲਾ ਦੂਜੀਆਂ ਵੈਕਸੀਨ ਨਿਰਮਾਤਾ ਕੰਪਨੀਆਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਤਾਕਿ ਹੋਰ ਵੀ ਵੱਡੇ ਪੱਧਰ ’ਤੇ ਵੈਕਸੀਨ ਦਾ ਨਿਰਮਾਣ ਹੋ ਸਕੇ। ਉਨ੍ਹਾਂ ਕਿਹਾ, ‘ਕੋਵਿਡ ਵਿਰੁਧ ਜੰਗ ਜਿੱਤਣ ਲਈ ਜੰਗੀ ਪੱਧਰ ’ਤੇ ਵੈਕਸੀਨ ਦਾ ਉਤਪਾਦਨ ਜ਼ਰੂਰੀ ਹੈ। ਇਸ ਲਈ ਵੈਕਸੀਨ ਨਿਰਮਾਣ ਦਾ ਕੰਮ ਬਸ ਦੋ ਕੰਪਨੀਆਂ ਕੋਲ ਨਹੀਂ ਰਹਿਣਾ ਚਾਹੀਦਾ। ਕੇਵਲ ਦੋ ਕੰਪਨੀਆਂ ਸਾਰੇ ਦੇਸ਼ ਦੀ ਲੋੜ ਪੂਰੀ ਨਹੀਂ ਕਰ ਸਕਦੀਆਂ, ਇਸ ਲਈ ਵੈਕਸੀਨ ਦਾ ਫ਼ਾਰਮੂਲਾ ਹੋਰ ਕੰਪਨੀਆਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ।