ਲੋਕ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ-ਡਿਪਟੀ ਕਮਿਸ਼ਨਰ
ਪਟਿਆਲਾ : ਪਹਾੜੀ ਇਲਾਕਿਆਂ ਅਤੇ ਪਟਿਆਲਾ ਜ਼ਿਲ੍ਹੇ ਵਿੱਚੋਂ ਵਹਿੰਦੀਆਂ ਨਦੀਆਂ ਦੇ ਉੱਪਰਲੇ ਖੇਤਰਾਂ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਦੇ ਮੱਦੇਨਜ਼ਰ, ਡਰੇਨੇਜ ਵਿਭਾਗ ਨੇ ਇਹਤਿਹਾਤ ਵਜੋਂ ਘੱਗਰ ਨਦੀ, ਟਾਂਗਰੀ ਨਦੀ ਤੇ ਮਾਰਕੰਡਾ ਨਦੀ ਦੇ ਨਦੀ ਦੇ ਕਿਨਾਰਿਆਂ ਅਤੇ ਬੰਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਅਤੇ ਚਿਤਾਵਨੀ ਜਾਰੀ ਕੀਤੀ ਹੈ।
ਜਲ ਨਿਕਾਸ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪਟਿਆਲਾ ਰਾਜਿੰਦਰ ਘਈ ਨੇ ਦੱਸਿਆ ਕਿ ਮਿਤੀ 11 ਅਗਸਤ 2024 ਨੂੰ ਸ਼ਾਮ 5 ਵਜੇ ਦੇ ਕਰੀਬ ਇਨ੍ਹਾਂ ਨਦੀਆਂ ਵਿੱਚ ਪਾਣੀ ਹਾਲਾਂ ਕਿ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ ਪਰੰਤੂ ਕਿਉਂਕਿ ਅਗਲੇ 4-5 ਦਿਨਾਂ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ (ਅੱਜ ਐਤਵਾਰ ਤੋਂ ਸ਼ੁਰੂ), ਇਸ ਲਈ ਇਹ ਐਡਵਾਈਜ਼ਰੀ ਸ਼ੰਭੂ, ਘਨੌਰ, ਰਾਜਪੁਰਾ, ਸਨੌਰ, ਦੇਵੀਗੜ੍ਹ, ਪਾਤੜਾਂ, ਸ਼ੁਤਰਾਣਾ ਇਲਾਕਿਆਂ ਵਿੱਚ ਘੱਗਰ ਦਰਿਆ ਦੇ ਕਿਨਾਰਿਆਂ ਦੇ ਨੇੜਲੇ ਇਲਾਕਿਆਂ ਲਈ ਮਹੱਤਵਪੂਰਨ ਹੈ। ਰਾਜਿੰਦਰ ਘਈ ਨੇ ਅੱਗੇ ਦੱਸਿਆ ਕਿ ਪਟਿਆਲਾ ਦੀ ਵੱਡੀ ਨਦੀ ਇਸ ਵੇਲੇ 1.8 ਫੁੱਟ ਦੇ ਨਿਸ਼ਾਨ ਉਪਰ ਚੱਲ ਰਹੀ ਹੈ ਅਤੇ ਖ਼ਤਰੇ ਦਾ ਨਿਸ਼ਾਨ 12 ਫੁੱਟ ਉਪਰ ਹੈ, ਇਸ ਲਈ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਹੜ੍ਹਾਂ ਦਾ ਖ਼ਤਰਾ ਨਹੀਂ ਹੈ, ਇਸ ਲਈ ਕਿਸੇ ਤਰ੍ਹਾਂ ਦੀ ਅਫ਼ਵਾਹ ਨਾ ਫੈਲਾਈ ਜਾਵੇ ਅਤੇ ਨਾ ਹੀ ਘਬਰਾਹਟ ਵਿੱਚ ਆਇਆ ਜਾਵੇ।
ਇਸੇ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਜਿਹੀ ਅਫ਼ਵਾਹ ਵੱਲ ਧਿਆਨ ਨਾ ਦੇਣ ਬਲਕਿ ਜੋ ਜਾਣਕਾਰੀ ਅਧਿਕਾਰਤ ਤੌਰ ਉਤੇ ਸਰਕਾਰੀ ਤੌਰ ਉਤੇ ਜਾਰੀ ਕੀਤੀ ਜਾਵੇ, ਉਸ ਉਪਰ ਹੀ ਵਿਸ਼ਵਾਸ਼ ਕਰਨ, ਕਿਉਂ ਜੋ ਲੋਕਾਂ ਨੂੰ ਹਰੇਕ ਜਾਣਕਾਰੀ ਸਮੇਂ-ਸਮੇਂ ਉਪਰ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਹੜ੍ਹਾਂ ਵਰਗੀ ਸਥਿਤੀ ਦੇ ਚਲਦਿਆਂ ਲੋਕ ਹੜ੍ਹਾਂ ਬਾਬਤ ਕੋਈ ਵੀ ਸੂਚਨਾ ਪਟਿਆਲਾ ਜ਼ਿਲ੍ਹੇ ਵਿੱਚ ਸਥਾਪਤ ਕੀਤੇ ਗਏ ਕੰਟਰੋਲ ਰੂਮ 0175-2350550 ਉਪਰ ਫੋਨ ਕਰਕੇ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਉਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਾਰੇ ਸਬੰਧਤ ਵਿਭਾਗ ਹਰ ਪੱਖੋਂ ਸੁਚੇਤ ਅਤੇ ਚੌਕਸ ਹਨ।