ਕੋਲਕਾਤਾ : ਪੱਛਮੀ ਬੰਗਾਲ ਵਿੱਚ ਤੂਫਾਨ ਅਤੇ ਭਾਰੀ ਮੀਂਹ ਨਾਲ 8 ਲੋਕਾਂ ਦੀ ਜਾਨ ਚਲੀ ਗਈ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਦੌਰਾਨ ਅਲੀਪੁਰ ਵਿੱਚ 102, ਦਮਦਮ ਵਿੱਚ 96 ਅਤੇ ਸਾਲਟਲੇਕ ਵਿੱਚ 116 ਮਿਲੀ ਮੀਟਰ ਮੀਂਹ ਦਰਜ ਕੀਤਾ ਗਿਆ। ਭਾਰੀ ਮੀਂਹ ਕਾਰਨ ਕੋਲਕਾਤਾ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਉਥੇ ਹੀ ਪੁਲਿਸ ਨੇ ਦੱਸਿਆ ਮੀਂਹ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਏ ਹਾਦਸਿਆਂ ਵਿੱਚ ਬੀਰਭੂਮ, ਹਾਵੜਾ ਅਤੇ ਪੁਰਬਾ ਬਰਧਮਾਨ ਜ਼ਿਲ੍ਹਿਆਂ ਵਿੱਚ ਦੋ-ਦੋ ਅਤੇ ਕੋਲਕਾਤਾ ਅਤੇ ਮੁਰਸ਼ਿਦਾਬਾਦ ਵਿੱਚ ਇੱਕ-ਇੱਕ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਆਸਮਾਨੀ ਬਿਜਲੀ ਅਤੇ 50 ਕਿਲੋਮੀਟਰ ਪ੍ਰਤੀ ਘੰਟੇ ਤਕ ਦੀ ਰਫਤਾਰ ਨਾਲ ਚੱਲੀ ਹਨ੍ਹੇਰੀ ਕਾਰਨ ਕੋਲਕਾਤਾ, ਉੱਤਰੀ 24 ਇਲਾਕਾ, ਨਾਦੀਆ, ਮੁਰਸ਼ਿਦਾਬਾਦ, ਬਾਂਕੁਰਾ, ਪੂਰਬੀ ਬਰਧਮਾਨ, ਪੱਛਮੀ ਮੇਦਿਨੀਪੁਰ, ਬੀਰਭੂਮ ਅਤੇ ਪੁਰੂਲੀਆ ਜ਼ਿਲਿਆਂ ਵਿਚ ਨੁਕਸਾਨ ਹੋਇਆ।