ਫ਼ਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਐਸ.ਪੀ. (ਇੰਨਵੈਸਟੀਗੇਸ਼ਨ) ਸ਼੍ਰੀ ਰਾਕੇਸ਼ ਯਾਦਵ ਦੀ ਅਗਵਾਈ ਅਧੀਨ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਆਕਾਸ਼ ਦੱਤ ਤੇ ਉਨ੍ਹਾਂ ਦੀ ਟੀਮ ਨੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਦੋ ਕਥਿਤ ਦੋਸ਼ੀਆਂ ਨੂੰ 511 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਐਸ.ਪੀ. (ਡੀ) ਸ਼੍ਰੀ ਰਾਕੇਸ਼ ਯਾਦਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਐਸ.ਪੀ. ਯਾਦਵ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਟੀਮ ਨੇ ਮੰਡੀ ਗੋਬਿੰਦਗੜ੍ਹ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਲੁਧਿਆਣਾ ਸਾਇਡ ਤੋਂ ਆ ਰਹੀ ਬਿਨਾਂ ਨੰਬਰੀ ਫੋਰਡ ਫੀਗੋ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਉਸ ਦੀ ਚੈਕਿੰਗ ਕੀਤੀ ਗਈ। ਪੁਲਿਸ ਵੱਲੋਂ ਕੀਤੀ ਚੈਕਿੰਗ ਦੌਰਾਨ ਕਾਰ ਵਿੱਚ ਸਵਾਰ ਕੁਲਦੀਪ ਸਿੰਘ ਪਿੰਡ ਖਾਨਪੁਰ ਜ਼ਿਲ੍ਹਾ ਲੁਧਿਆਣਾ ਅਤੇ ਚਮਨਜੀਤ ਸਿੰਘ ਵਾਸੀ ਲੁਹਾਰਾ ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 511 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਤੇ ਪੁਲਿਸ ਵੱਲੋਂ ਕਥਿਤ ਦੋਸ਼ੀਆ ਖਿਲਾਫ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ/61/85 ਅਧੀਨ ਮੁਕੱਦਮਾ ਨੰਬਰ 149 ਮਿਤੀ 14.08.2024 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਦਰਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਵੇਂ ਕਥਿਤ ਦੋਸ਼ੀ ਆਪਸ ਵਿੱਚ ਮਾਮੇ-ਭੂਆ ਦੇ ਲੜਕੇ ਹਨ। ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਪੁੱਛਗਿੱਛ ਜੀ ਹੈ। ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾਂ ਹੈ।
ਸ਼੍ਰੀ ਯਾਦਵ ਨੇ ਹੋਰ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਕੁਲਦੀਪ ਸਿੰਘ ਵਿਰੁੱਧ ਥਾਣਾ ਸਦਰ ਲੁਧਿਆਣਾ ਤੇ ਥਾਣਾ ਫੋਕਲ ਪੁਆਂਇੰਟ ਲੁਧਿਆਣਾ ਵਿਖੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ 02 ਮੁਕੱਦਮੇ ਦਰਜ਼ ਹਨ। ਕਥਿਤ ਦੋਸ਼ੀ ਹੁਣ ਜਮਾਨਤ ਤੇ ਬਾਹਰ ਆਇਆ ਹੋਇਆ ਸੀ।