ਕੈਂਪ ਵਿੱਚ 264 ਪ੍ਰਾਰਥੀਆਂ ਨੇ ਹਿੱਸਾ ਲਿਆ
152 ਪ੍ਰਾਰਥੀਆਂ ਨੂੰ ਪਲੇਸਮੈਂਟ ਚ ਪੁੱਜੀਆਂ ਕੰਪਨੀਆਂ ਵੱਲੋਂ ਤਕਨੀਕੀ ਗੇੜ ਲਈ ਕੀਤਾ ਸ਼ਾਰਟ-ਲਿਸਟ
ਸਵੈ-ਰੋਜ਼ਗਾਰ ਬਾਰੇ ਨੌਜੁਆਨਾਂ ਨੂੰ ਮੁੱਹਈਆ ਕਰਵਾਈ ਗਈ ਜਾਣਕਾਰੀ
ਡੇਰਾਬੱਸੀ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ 'ਤੇ ਖੜ੍ਹਾ ਕਰਨ ਲਈ ਵਚਨਬੱਧ ਹੈ, ਜਿਸ ਤਹਿਤ ਪੰਜਾਬ ਸਰਕਾਰ ਨੇ ਪਿਛਲੇ 02 ਸਾਲ ਵਿੱਚ ਜਿੰਨੀਆਂ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹਨ, ਓਨੀਆਂ ਐਨੇ ਵਕਫੇ ਵਿੱਚ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਨਹੀਂ ਦਿੱਤੀਆਂ ਗਈਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਰਾਮ ਮੰਦਰ ਭਵਨ, ਡੇਰਾਬੱਸੀ, ਵਿਖੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੀ ਸਹਾਇਤਾ ਨਾਲ ਲਾਏ ਮੈਗਾ ਪਲੇਸਮੈਂਟ ਕੈਂਪ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ।
ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਕੈਂਪ ਸਾਲ ਵਿੱਚ 04 ਵਾਰ ਜ਼ਰੂਰ ਲਾਏ ਜਾਇਆ ਕਰਨ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮਿਲ ਸਕਣ। ਵਿਧਾਇਕ ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਲਈ ਪੂਰਾ ਤਾਣ ਲਾ ਰਹੀ ਹੈ ਪਰ ਸਰਕਾਰੀ ਨੌਕਰੀਆਂ ਦੀ ਗਿਣਤੀ ਦੀ ਇਕ ਹੱਦ ਹੋਣ ਕਾਰਨ, ਨਾਲ ਦੀ ਨਾਲ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਹਾਸਲ ਕਰਵਾਉਣ ਦੇ ਯਤਨ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਨਿੱਜੀ ਖੇਤਰ ਵਿੱਚ ਵੀ ਚੰਗੀਆਂ ਕੰਪਨੀਆਂ, ਚੰਗੇ ਤਨਖਾਹ ਪੈਕਜ ਦੇ ਕੇ ਨੌਕਰੀਆਂ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਅਪਣਾ ਕਾਰੋਬਾਰ ਸ਼ੁਰੂ ਕਰਨ ਨੂੰ ਵੀ ਤਵੱਜੋ ਦੇਣੀ ਚਾਹੀਦੀ ਹੈ,ਜਿਸ ਸਬੰਧੀ ਪੰਜਾਬ ਸਰਕਾਰ ਸਿਖਲਾਈ ਤੇ ਕਰਜ਼ ਦੀ ਸਹੂਲਤ ਵੀ ਦਿੰਦੀ ਹੈ।
ਇਸ ਕੈਂਪ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਉਪ ਮੰਡਲ ਮੈਜਿਸਟਰੇਟ ਸ਼੍ਰੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਇਸ ਕੈਂਪ ਵਿੱਚ 264 ਪ੍ਰਾਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 152 ਪ੍ਰਾਰਥੀਆਂ ਨੂੰ ਕੰਪਨੀਆਂ ਵੱਲੋਂ ਤਕਨੀਕੀ ਗੇੜ ਲਈ ਸ਼ਾਰਟ-ਲਿਸਟ ਕੀਤਾ ਗਿਆ। ਇਸ ਮੈਗਾ ਪਲੇਸਮੈਂਟ ਕੈਂਪ ਵਿੱਚ ਫੋਨ ਪੇਅ, ਹਿੰਦੂਜਾ ਹਾਊਸਿੰਗ ਫਾਇਨਾਂਸ, ਸੌਰਭ ਕੈਮੀਕਲਜ਼, ਕੇ.ਜੀ. ਟਰੇਡਿੰਗ, ਸ਼ੋਰੇ ਐਂਡ ਸ਼ਲਿਊਸ਼ਨ, ਵਿਮਕੋ, ਸਵਰਾਜ ਮਹਿੰਦਰਾ ਇੰਜਨਜ਼, ਪਿਊਮਾ ਸਟੋਰ, ਊਸ਼ਾ ਯਾਰਨਜ਼, ਲਵਿਆ ਹੈਲਥ ਕੇਅਰ, ਡੀ-ਮਾਰਟ, ਅਮਰਟੈਕਸ ਜ਼ੀਰਕਪੁਰ, ਗਲੋਬ ਆਟੋਮੋਬਾਇਲਜ਼ (ਟੋਇਟਾ), ਕਿਊਐਸ ਕਾਰਪੋਰੇਸ਼ਨ ਫਾਰ ਸਵਿਗੀ ਇੰਸਟਾਮਾਰਟ, ਟੀਮ ਲੀਜ਼ ਫਾਰ ਐਸ.ਬੀ.ਆਈ.ਕਰੈਡਿਟ ਕਾਰਡਜ਼, ਅਲੈਨਜਰਜ਼ ਮੈਡੀਕਲ ਸਿਸਟਮ, (ਟੀਮ ਲੀਜ਼), ਰਾਹੀ ਕੇਅਰ ਡਾਇਲਸਸ ਸੈਂਟਰ, ਭਾਰਤੀ ਏਅਰਟੈਲ, ਈਵਨ ਕਾਰਗੋਜ਼, ਹਿੰਦੂਸਤਾਨ ਯੂਨੀਲਿਵਰ ਲਿਮਟਿਡ ਸਮੇਤ ਹੋਰ ਵਧੇਰੇ ਕੰਪਨੀਆਂ ਸ਼ਾਮਲ ਹੋਈਆਂ।
ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਅਤੇ ਘੱਟ ਤੋਂ ਘੱਟ ਯੋਗਤਾ ਦਸਵੀਂ, ਬਾਰ੍ਹਵੀਂ, ਗ੍ਰੈਜੂਏਸ਼ਨ, ਆਈ. ਟੀ.ਆਈ. ਏ.ਐਨ.ਐਮ., ਜੀ.ਐਨ.ਐਮ., ਬੀ.ਐਸ.ਸੀ ਨਰਸਿੰਗ ਆਦਿ ਸੀ, ਨੇ ਭਾਗ ਲਿਆ। ਇਸ ਦੇ ਨਾਲ ਹੀ ਮੱਛੀ ਪਾਲਣ, ਡੇਅਰੀ ਵਿਭਾਗ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਪੀ. ਐਨ. ਬੀ. ਬੈਂਕ ਦੇ ਨੁਮਾਇੰਦਿਆਂ ਵੱਲੋਂ ਸਵੈ-ਰੋਜ਼ਗਾਰ ਬਾਰੇ ਪ੍ਰਾਰਥੀਆਂ ਨੂੰ ਜਾਣਕਾਰੀ ਮੁਹੱਇਆ ਕੀਤੀ ਗਈ। ਇਸ ਮੌਕੇ ਡਿਪਟੀ ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਸੁਖਮਨ ਬਾਠ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ। ਡਿਪਟੀ ਸੀ.ਈ.ਓ. ਨੇ ਕੈਂਪ ਦੀ ਸਫਲਤਾ ਵਿੱਚ ਉਪ ਮੰਡਲ ਮੈਜਿਸਟਰੇਟ ਸ਼੍ਰੀ ਹਿਮਾਂਸ਼ੂ ਗੁਪਤਾ ਦੇ ਅਹਿਮ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ।