ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਸ. ਤੇਜਿੰਦਰ ਸਿੰਘ ਨੰਗਲ, ਸੂਬਾ ਪ੍ਰਧਾਨ ਅਤੇ ਸ. ਨਰਿੰਦਰ ਸਿੰਘ ਚੀਮਾ, ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਮਿਤੀ 27-07-2024 ਨੂੰ ਜਿਲਾ ਮੋਗਾ ਵਿਖੇ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਵਿੱਚ ਸਰਵਸੰਮਤੀ ਨਾਲ ਲਏ ਫ਼ੈਸਲੇ ਅਨੁਸਾਰ ਸਰਕਾਰ ਨੂੰ ਨੋਟਿਸ ਭੇਜ ਕੇ 16-08-2024 ਤੱਕ ਮੰਗਾਂ ਦੀ ਪੂਰਤੀ ਕਰਨ ਲਈ ਲਿਖਿਆ ਗਿਆ ਸੀ ਪਰ ਸਰਕਾਰ ਵੱਲੋਂ ਨਾ ਤਾਂ ਜੱਥੇਬੰਦੀ ਨੂੰ ਮੀਟਿੰਗ ਲਈ ਸੱਦਿਆ ਗਿਆ ਤੇ ਨਾ ਹੀ ਮੰਗਾਂ ਦੀ ਪੂਰਤੀ ਕੀਤੀ ਗਈ। ਜਿਸ ਦੇ ਰੋਸ ਵਜੋਂ ਅਤੇ ਮੰਗਾਂ ਦੀ ਪੂਰਤੀ ਕਰਵਾਉਣ ਲਈ ਜੱਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਨ ਉਪਰੰਤ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਰਕਾਰ ਨੂੰ ਮਿਤੀ 04-09-2024 ਤੱਕ ਦਾ ਸਮਾ ਦਿੰਦੇ ਹੋਏ ਇੱਕ ਹੋਰ ਨੋਟਿਸ ਭੇਜਿਆ ਜਾਵੇਗਾ। ਜਿਲਾ ਮਾਲੇਰਕੋਟਲਾ ਦੇ ਪ੍ਰਧਾਨ ਸ਼ਰਨਵੀਰ ਸਿੰਘ ਅਤੇ ਜਨਰਲ ਸਕੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਸੂਬਾ ਬਾਡੀ ਵੱਲੋਂ ਲਏ ਫੈਸਲੇ ਅਨੁਸਾਰ ਮਿਤੀ 23-08-2024 ਨੂੰ ਡੀ.ਸੀ. ਦਫ਼ਤਰ ਅਤੇ ਸਬ ਡਵੀਜ਼ਨ ਮਾਲੇਰਕੋਟਲਾ ਅਹਿਮਦਗੜ੍ਹ ਅਮਰਗੜ੍ਹ ਦੇ ਸਮੂਹ ਕਰਮਚਾਰੀ ਵੱਲੋਂ ਡੀ.ਸੀ. ਦਫ਼ਤਰ ਦੇ ਮੇਨ ਗੇਟ ਤੇ ਰੈਲੀ ਕੀਤੀ ਗਈ। ਉਲੀਕੇ ਪ੍ਰੋਗਰਾਮ ਤਹਿਤ 26 ਅਤੇ 30 ਅਗਸਤ ਨੂੰ ਦੁਪਹਿਰ 12:00 ਵਜੇ ਤੋਂ 1:30 ਵਜੇ ਤੱਕ ਸੰਕੇਤਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ 30 ਸਾਲ ਪਹਿਲਾਂ ਬਣਾਈਆਂ ਸਬ ਡਵੀਜ਼ਨਾਂ, ਤਹਿਸੀਲਾਂ ਅਤੇ ਉਪ ਤਹਿਸੀਲਾਂ ਵਿੱਚ ਨੌਰਮਜ਼ ਅਨੁਸਾਰ ਅਸਾਮੀਆਂ ਦੀ ਰਚਨਾ ਨਹੀਂ ਕੀਤੀ ਜਾ ਰਹੀ, ਜਦੋਂ ਤੱਕ ਅਸਾਮੀਆਂ ਦੀ ਰਚਨਾ ਨਹੀਂ ਹੋਵੇਗੀ, ਓਦੋਂ ਤੱਕ ਸੂਬੇ ਦੇ ਪੜ੍ਹੇ-ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਸਰਕਾਰੀ ਨੌਕਰੀ ਕਿਵੇਂ ਮਿਲੇਗੀ।
ਸਰਕਾਰ ਉਹਨਾਂ ਅਸਾਮੀਆਂ ਦੀ ਰਚਨਾ ਕਰੇ ਅਤੇ ਜਿੱਥੇ ਅਸਾਮੀਆਂ ਦੀ ਰਚਨਾ ਹੋ ਕੇ ਸਰਕਾਰ ਨੂੰ ਨਵੇਂ ਕਲਰਕ ਭਰਤੀ ਕਰਨ ਦੀ ਡਿਮਾਂਡ ਗਈ ਹੈ, ਓਥੇ ਭਰਤੀ ਦਾ ਇਸ਼ਤਿਹਾਰ ਜਾਰੀ ਕਰਕੇ ਨਵੀਂ ਭਰਤੀ ਜਲਦੀ ਕੀਤੀ ਜਾਵੇ।ਸੀਨੀਅਰ ਸਹਾਇਕਾਂ ਦੀਆਂ ਖਾਲੀ ਪਈਆਂ 117 ਅਸਾਮੀਆਂ ਤੇ ਪਰਮੋਸਨਾ ਨਹੀਂ ਕੀਤੀਆਂ ਜਾ ਰਹੀਆਂ। ਮਿਤੀ 17-7-2020 ਦੇ ਪੱਤਰ ਰਾਹੀਂ ਕੇਂਦਰ ਸਰਕਾਰ ਦਾ ਤਨਖਾਹਾਂ ਸਬੰਧੀ ਕਮਿਸ਼ਨ ਪੰਜਾਬ ਦੇ ਕਰਮਚਾਰੀਆਂ ਤੇ ਲਾਗੂ ਕਰਕੇ ਸੰਵਿਧਾਨ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਉੱਚ ਸਿੱਖਿਆ ਪ੍ਰਾਪਤ ਕਰਨ ਤੇ ਬਹੁਤ ਅੋਖੀ ਭਰਤੀ ਪ੍ਰਕਿਰਿਆ ਚੋਂ ਗੁਜਰਨ ਦੇ ਬਾਵਜੂਦ ਮਾਮੂਲੀ ਤਨਖਾਹਾਂ ਤੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਰਹੀ ਹੈ। ਮਨਪ੍ਰੀਤ ਸਿੰਘ ਪ੍ਰੈਸ ਸਕੱਤਰ ਨੇ ਦੱਸਿਆ ਜੇਕਰ ਇਹ ਜਾਇਜ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀਆਂ ਜਿਮਨੀ ਚੋਣਾਂ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਦੇ ਰੋਸ ਦਾ ਸਾਹਮਣਾ ਕਰਨਾ ਪਵੇਗਾ।
ਸ਼ਰਨਵੀਰ ਸਿੰਘ
ਜਿਲਾ ਪ੍ਰਧਾਨ
ਸੰਦੀਪ ਸਿੰਘ
ਜਨਰਲ ਸਕੱਤਰ
ਡੀ.ਸੀ. ਦਫ਼ਤਰ ਕਰਮਚਾਰੀ ਐਸੋਸ਼ੀਏਸ਼ਨ ਮਾਲੇਰਕੋਟਲਾ।