ਤਿੰਨ ਨੂੰ ਵਿਧਾਨ ਸਭਾ ਵੱਲ ਮਾਰਚ ਦਾ ਦਿੱਤਾ ਸੱਦਾ
ਸੁਨਾਮ : ਮੁਲਾਜ਼ਮ ਅਤੇ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਦੇ ਸੱਦੇ ਤਹਿਤ ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਤਹਿਸੀਲ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰਾਮ ਸਰੂਪ ਢੈਪਈ,ਸੁਰਿੰਦਰ ਸਿੰਘ,ਸੋਮ ਸਿੰਘ ਅਤੇ ਗੁਰਬਖਸ਼ ਸਿੰਘ ਜਖੇਪਲ ਦੀ ਅਗਵਾਈ ਹੇਠ ਮਾਤਾ ਮੋਦੀ ਪਾਰਕ ਵਿੱਚ ਇਕੱਠੇ ਹੋਕੇ ਅਮਨ ਅਰੋੜਾ ਕੈਬਨਿਟ ਮੰਤਰੀ ਦੀ ਰਿਹਾਇਸ਼ ਤੱਕ ਮੁੱਖ ਮੰਤਰੀ ਦੇ ਝੂਠੇ ਵਾਅਦਿਆਂ ਦੀ ਪੰਡ ਚੁੱਕ ਕੇ ਰੋਸ ਮਾਰਚ ਕੀਤਾ ਅਤੇ ਮੰਤਰੀ ਦੀ ਕੋਠੀ ਅੱਗੇ ਆਵਾਜਾਈ ਜਾਮ ਕਰਕੇ ਰੋਸ ਧਰਨਾ ਦਿੱਤਾ। ਰੋਸ ਧਰਨੇ ਵਿੱਚ ਸ਼ਾਮਲ ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਾ ਕਰਨੀਆਂ ਅਤੇ ਗੱਲਬਾਤ ਤੋਂ ਭੱਜ ਜਾਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਜਨਵਰੀ 2016 ਤੋਂ ਤਨਖਾਹ ਕਮਿਸ਼ਨ ਵੱਲੋਂ ਸੋਧੇ ਸਕੇਲਾਂ ਦੇ ਬਕਾਏ ਅਦਾ ਕੀਤੇ ਜਾਣ ਅਣਵਰਤੀ ਕਮਾਈ ਛੁੱਟੀ ਦਾ ਬਕਾਇਆ ਦਿਤਾ ਜਾਵੇ। ਮਹਿੰਗਾਈ ਭੱਤੇ ਦੀਆਂ ਬਣਦੀਆਂ ਕਿਸ਼ਤਾਂ ਅਤੇ ਬਣਦਾ ਬਕਾਇਆ ਤੁਰੰਤ ਦਿੱਤਾ ਜਾਣ ਤੋਂ ਇਲਾਵਾ 2.59 ਗੁਣਾਂਕ ਲਾਗੂ ਕੀਤਾ ਜਾਵੇ।ਰੈਲੀ ਨੂੰ ਜੀਤ ਸਿੰਘ ਬੰਗਾ ਜਗਦੇਵ ਸਿੰਘ ਬਾਹੀਆ,ਦਰਸ਼ਨ ਸਿੰਘ ਮੱਟੂ,ਪਵਨ ਕੁਮਾਰ ਸਰਮਾਂ, ਹਰਮੇਲ ਸਿੰਘ ਮਹਿਰੋਕ, ਸੁਰਿੰਦਰ ਸਿੰਘ ਸੋਮ ਸਿੰਘ, ਮੋਹਨ ਲਾਲ,ਭੁਪਿੰਦਰ ਸਿੰਘ ਛਾਜਲੀ, ਰਾਮ ਸਰੂਪ ਢੈਪਈ, ਕੇਹਰ ਸਿੰਘ ਜੋਸ਼ਨ, ਹਜੂਰਾ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਅਗਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਤਾਂ ਭਵਿੱਖ ਵਿੱਚ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿੱਚ ਕੀਤੀ ਵਾਅਦਾ ਖਿਲਾਫੀ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਧਰਨਿਆਂ ਵਿੱਚ ਸ਼ਿਰਕਤ ਕਰਕੇ ਸਰਕਾਰ ਬਣਨ ਉਪਰੰਤ ਵਾਅਦੇ ਪੂਰੇ ਕਰਨ ਦੇ ਵਾਅਦੇ ਕਰਦਾ ਰਿਹਾ ਲੇਕਿਨ ਸਰਕਾਰ ਬਣਨ ਤੋਂ ਬਾਅਦ ਸਾਰੇ ਵਾਅਦਿਆਂ ਨੂੰ ਵਿਸਾਰ ਦਿੱਤਾ ਗਿਆ ਹੈ। ਬੁਲਾਰਿਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਅਖੌਤੀ ਇਨਕਲਾਬੀ ਕ਼ਰਾਰ ਦਿੱਤਾ। ਰੈਲੀ ਦੇ ਅਖੀਰ ਵਿੱਚ ਮੁੱਖ ਮੰਤਰੀ ਦੇ ਝੂਠੇ ਲਾਰੇ ਅਤੇ ਵਾਅਦਿਆਂ ਦੀ ਪੰਡ ਫੂਕੀ ਗਈ ਅਤੇ 3 ਸਤੰਬਰ ਦੇ ਵਿਧਾਨ ਸਭਾ ਵੱਲ ਮਾਰਚ ਕਰਨ ਦੀਆਂ ਤਿਆਰੀਆਂ ਅਤੇ ਸੰਘਰਸ਼ ਕਰਨ ਲਈ ਸੱਦਾ ਦਿਤਾ ।