ਮੋਗਾ : ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ਦੇ ਕੂੜੇ ਦਾ ਸਹੀ ਢੰਗ ਨਾਲ ਨਿਪਟਾਰਾ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਕੰਮ ਵਿੱਚ ਨਿਗਮ ਦਾ ਸਫਾਈ ਅਮਲਾ ਵੀ ਆਪਣੀ ਡਿਊਟੀ ਕਰ ਰਿਹਾ ਹੈ। ਸਵੇਰਾ ਹਸਪਤਾਲ ਦੇ ਨਜਦੀਕ ਨਗਰ ਨਿਗਮ ਦੀ ਡੂੰਘੇ ਟੋਇਆਂ ਵਾਲੀ ਜਗ੍ਹਾ ਪਈ ਹੈ ਇੱਥੇ ਸਵੱਛ ਭਾਰਤ ਮਿਸ਼ਨ ਅਧੀਨ ਗਿੱਲੇ ਸੁੱਕੇ ਕੂੜੇ ਤੋਂ ਖਾਦ ਬਣਾਉਣ ਲਈ ਪਿਟਸ ਬਣਾਏ ਹੋਏ ਹਨ, ਜਿਹਨਾਂ ਨੂੰ ਕਵਰ ਕਰਨ ਲਈ ਸ਼ੈੱਡ ਆਦਿ ਵੀ ਪਾਏ ਗਏ ਹਨ। ਇਹ ਕੰਮ ਨਿਗਮ ਵੱਲੋਂ ਮੈਸ ਈਕੋਸਟਨ ਇਨਫਰਾ ਪ੍ਰਾ. ਲਿਮ. ਕੰਪਨੀ ਨੂੰ ਸੌਂਪਿਆ ਹੋਇਆ ਹੈ, ਨਿਗਮ ਵੱਲੋਂ ਇਸ ਕੰਮ ਦੀ ਸੁਪਰਵਿਜਨ ਵੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਨਗਰ ਨਿਗਮ ਮੋਗਾ ਦੇ ਜਾਇੰਟ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਕੂੜੇ ਦੀ ਰੈਮੀਡੇਸ਼ਨ ਕਰਨ ਤੋਂ ਬਾਅਦ ਇੱਥੇ ਜਲਦ ਹੀ ਮਿੱਟੀ ਪੁਆ ਦਿੱਤੀ ਜਾਵੇਗੀ। ਇਹ ਜਗ੍ਹਾ ਡੂੰਘੀ ਹੋਣ ਕਾਰਨ ਪੁਰਾਣੇ ਕੂੜੇ ਦੀ ਰੈਮੀਡੇਸ਼ਨ ਕਰਵਾਉਣ ਉਪਰੰਤ ਉਸ ਵਿੱਚੋਂ ਨਿਕਲਣ ਵਾਲੀ ਬਾਇਓ ਸਾਇਲ (ਮਿੱਟੀ) ਨੂੰ ਇਸ ਜਗ੍ਹਾ ਤੇ ਪਵਾ ਕੇ ਭਰਤੀ ਕੀਤੀ ਜਾ ਰਹੀ ਹੈ। ਇਸ ਜਗ੍ਹਾ ਤੇ ਭਰਤੀ ਪਵਾਉਣ ਉਪਰੰਤ ਇਸ ਦੀ ਸੁੰਦਰਤਾ ਵੀ ਕਰਵਾਈ ਜਾਵੇਗੀ।