ਸੁਨਾਮ : ਮਨਰੇਗਾ ਕਾਮਿਆਂ ਨੂੰ ਕਾਨੂੰਨ ਅਨੁਸਾਰ ਰੁਜ਼ਗਾਰ ਦੇਣ ਦੀ ਮੰਗ ਨੂੰ ਲੈਕੇ ਖੇਤ ਮਜ਼ਦੂਰਾਂ ਨੇ ਮੰਗਲਵਾਰ ਨੂੰ ਸੁਨਾਮ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਮੰਗ ਪੱਤਰ ਦਿੱਤਾ। ਇਸ ਤੋਂ ਪਹਿਲਾਂ ਮਨਰੇਗਾ ਕਾਮਿਆਂ ਨੇ ਟਿੱਬੀ ਰਵਿਦਾਸ ਪੁਰਾ ਵਿਖੇ ਰੈਲੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਜ਼ਦੂਰ ਆਗੂਆਂ ਧਰਮਪਾਲ ਨਮੋਲ ਅਤੇ ਸੱਤਪਾਲ ਸਿੰਘ ਮਹਿਲਾਂ ਚੌਕ ਨੇ ਕਿਹਾ ਕਿ ਪਿੰਡ ਰਵਿਦਾਸ ਪੁਰਾ ਟਿੱਬੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਮਨਰੇਗਾ ਦਾ ਕੰਮ ਬੰਦ ਪਿਆ ਹੈ, ਜਿਸ ਕਾਰਨ ਦਿਹਾੜੀ ਕਰਕੇ ਪਰਿਵਾਰ ਪਾਲਣ ਵਾਲਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਮਹਿੰਗਾਈ ਦੇ ਜ਼ਮਾਨੇ ਵਿੱਚ ਪਰਿਵਾਰ ਦੇ ਹਰ ਇਕ ਮੈਂਬਰ ਨੂੰ ਕੰਮ ਕਰਨ ਦੀ ਜ਼ਰੂਰਤ ਹੈ ਤਾਂ ਹੀ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਤਰੀਕੇ ਨਾਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਿਕ ਸਾਰੇ ਲਾਭਪਾਤਰੀਆਂ ਨੂੰ 100 ਦਿਨ ਦਾ ਰੁਜਗਾਰ ਨਹੀਂ ਮਿਲਿਆ ਜਿਸ ਕਾਰਨ ਖੇਤ ਮਜਦੂਰਾਂ ਅੰਦਰ ਭਾਰੀ ਰੋਸ ਹੈ। ਇਸ ਸਬੰਧੀ ਬੀਡੀਪੀਓ ਸੁਨਾਮ ਸੰਜੀਵ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਟਿੱਬੀ ਰਵਿਦਾਸ ਪੁਰਾ ਵਿਖੇ ਜਲਦੀ ਹੀ ਮਨਰੇਗਾ ਦਾ ਕੰਮ ਚਾਲੂ ਕੀਤਾ ਜਾਵੇਗਾ। ਖੇਤ ਮਜਦੂਰਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮਨਰੇਗਾ ਦਾ ਕੰਮ ਚਾਲੂ ਨਾ ਕੀਤਾ ਗਿਆ ਤਾਂ ਇਸ ਮਸਲੇ ਉੱਪਰ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜੀਤ ਸਿੰਘ, ਪਰਮਜੀਤ ਕੌਰ,ਦਿਲਜੀਤ ਕੌਰ, ਮਲਕੀਤ ਕੌਰ, ਮੇਵਾ ਸਿੰਘ, ਰਾਣੀ ਕੌਰ,ਲਛਮੀ ਦੇਵੀ ਆਦਿ ਆਗੂ ਹਾਜ਼ਰ ਸਨ।