ਸਵਾਮਿਤਵਾ' ਸਕੀਮ ਤਹਿਤ ਜ਼ਿਲ੍ਹੇ ਦੇ ਪਿੰਡਾਂ 'ਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਜਲਦ ਮਿਲੇਗਾ ਜਾਇਦਾਦ ਦਾ ਮਾਲਕਾਨਾ ਹੱਕ- ਏ.ਡੀ.ਸੀ
ਮਾਲੇਰਕੋਟਲਾ : ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਮਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਅਤੇ ਪੈਡਿੰਗ ਕੇਸ਼ਾਂ ਦੇ ਨਿਪਟਾਰੇ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨੇਵਾਰ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਾਲ ਵਿਭਾਗ ਸਬੰਧੀ ਸੇਵਾਵਾਂ ਨੂੰ ਮਿਥੇ ਸਮੇਂ ਅੰਦਰ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਪ੍ਰੇਸਾਨੀ ਵੀ ਘਟੇ । ਉਨ੍ਹਾਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰਾਂ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਤੇਜ਼ੀ ਲਿਆਂਦੀ ਜਾਵੇ
ਮਾਲ ਵਿਭਾਗ ਦੇ ਅਧਿਕਾਰੀ ਲੰਬਿਤ ਜ਼ਮੀਨੀ ਇੰਤਕਾਲ,ਜਮ੍ਹਾਬੰਦੀਆਂ,ਮੁਸਾਵੀਆਂ ਅਤੇ ਨਿਸ਼ਾਨਦੇਹੀਆਂ, ਖ਼ਸਰਾ-ਗਿਰਦਾਵਰੀ,ਨਿਸ਼ਾਨਦੇਹੀਆਂ ਆਦਿ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੈਅ ਸਮੇਂ 'ਚ ਨਿਪਟਾਉਣ ਨੂੰ ਯਕੀਨੀ ਬਣਾਇਆ ਜਾਵੇ । ਉਨ੍ਹਾਂ ਜ਼ਿਲ੍ਹੇ ਦੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਰਜਿਸਟਰੀ ਹੋਣ ਤੋਂ ਬਾਅਦ ਇੰਤਕਾਲ ਦੇ ਕੰਮ ਨੂੰ ਸਰਕਾਰ ਵੱਲੋਂ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇ । ਉਨ੍ਹਾਂ ਕਿਹਾ ਕਿ 45 ਦਿਨਾਂ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਦਾ ਢੁਕਵੀਂ ਪ੍ਰਕਿਰਿਆ ਅਪਣਾਉਂਦਿਆਂ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ । ਇਨ੍ਹਾਂ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
'ਸਵਾਮਿਤਵਾ' ਸਕੀਮ ਦਾ ਜਾਇਜ਼ਾ ਲੈਦਿਆਂ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਵਾਮਿਤਵਾ ਸਕੀਮ ' ਮੇਰਾ ਘਰ ਮੇਰੇ ਨਾਮ ' ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਹੱਦ ਸਮਾਂ ਸੀਮਾਂ ਤਹਿਤ ਕੰਮ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਸਰਕਾਰ ਦੀਆਂ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਲਾਲ ਲਕੀਰ ਦੇ ਵਸਨੀਕਾਂ ਨੂੰ ਕਾਨੂੰਨੀ ਮਾਲਕੀ ਦੇ ਹੱਕਾਂ ਦੇ ਸਰਟੀਫਿਕੇਟ ਦਿੱਤਾ ਜਾ ਸਕਣ। ਰਿਕਵਰੀ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਰੀਬ 42 ਲੱਖ ਰੁਪਏ ਤੋਂ ਵਧੇਰੇ ਦੀ ਰਿਕਵਰੀ ਬਕਾਇਆ ਹੈ, ਜਿਸ ਬਾਰੇ ਉਨ੍ਹਾਂ ਸਮੂਹ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਡਿਫਾਲਟਰ ਵਿਅਕਤੀਆਂ ਦੀਆਂ ਜਮਾਬੰਦੀਆਂ ਉੱਤੇ ਦਰਜ ਕਰਨ ਅਤੇ ਇਸ ਬਾਬਤ ਸਰਟੀਫਿਕੇਟ ਜ਼ਿਲ੍ਹਾ ਕੁਲੈਕਟਰ ਨੂੰ ਭੇਜਣ।
ਉਹਨਾਂ ਕਿਹਾ ਕਿ ਕੁਲੈਕਟਰ/ਸਰਕਲ ਰੇਟਾਂ ਨੂੰ ਜਲਦ ਹੀ ਤਰਕਸੰਗਤ ਬਣਾਇਆ ਜਾਵੇਗਾ, ਇਸ ਲਈ ਮਾਲ ਅਧਿਕਾਰੀਆਂ ਨਾਲ ਖਰੜਾ ਸਾਂਝਾ ਕਰਕੇ ਉਸ ਬਾਰੇ ਵਿਚਾਰ ਦੇਣ ਲਈ ਕਿਹਾ ਗਿਆ। ਉਹਨਾਂ ਕਿਹਾ ਕਿ ਸੋਧੇ ਹੋਏ ਰੇਟ ਜਲਦ ਹੀ ਜ਼ਿਲ੍ਹੇ ਵਿੱਚ ਲਾਗੂ ਕਰ ਦਿੱਤੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ ਨੂੰ ਲੰਬਿਤ ਮਾਮਲਿਆਂ ਵਿੱਚ ਨਜ਼ਰਸਾਨੀ ਯਕੀਨੀ ਬਣਾਉਣ ਲਈ ਆਖਿਆ ਤਾਂ ਜੋ ਲੰਬਿੰਤ ਅਰਜ਼ੀਆਂ ਦੀ ਬਕਾਇਆ ਦਰ ਸਿਫ਼ਰ ਕੀਤੀ ਜਾ ਸਕੇ ।
ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਸਥਾਨਕ ਲੋਕਾਂ ਦੇ ਮਾਲ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਅਸਾਨ ਕਰਨ ਲਈ ਸ਼ੁਰੂ ਕੀਤੇ ਵਅਟਸਅੱਪ ਹੈਲਪ ਲਾਇਨ ਨੰਬਰ ਤੇ ਹੁਣ ਤੱਕ 29 ਦਰਖਾਸਤਾ ਪ੍ਰਾਪਤ ਹੋਇਆ ਹਨ ਜਿਨ੍ਹਾਂ ਵਿੱਚੋਂ 27 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਾਲ ਵਿਭਾਗ ਦੀ ਕਾਰਗੁਜ਼ਾਰੀ ਨੂੰ ਪਾਰਦਰਸ਼ੀ, ਖੱਜਲ-ਖ਼ੁਆਰੀ ਰਹਿਤ ਅਤੇ ਭ੍ਰਿਸ਼ਟਾਚਾਰ ਮੁਕਤ ਸੇਵਾਵਾਂ ਬਣਾਉਣ ਲਈ ਸਰਕਾਰ ਨੇ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੋਇਆ ਹੈ। ਮਾਲ ਵਿਭਾਗ ਵਿਚ ਵੀ ਜੇਕਰ ਕਿਸੇ ਵੀ ਪੱਧਰ ‘ਤੇ ਲੋਕਾਂ ਨੂੰ ਕੰਮ ਕਰਵਾਉਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਬਾਬਤ ਹੈਲਪ ਲਾਈਨ ਨੰਬਰ 8184900002 ਤੇ ਲਿਖਤੀ ਸ਼ਿਕਾਇਤ ਵੱਟਸਐਪ ਕੀਤੀ ਜਾ ਸਕਦੀ ਹੈ ।ਐਨ.ਆਰ.ਆਈਜ਼ ਆਪਣੀਆਂ ਲਿਖਤੀ ਸ਼ਿਕਾਇਤਾਂ 9464100168 ਨੰਬਰ ‘ਤੇ ਭੇਜ ਸਕਦੇ ਹਨ।
ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ ਅਪਰਨਾ ਐਮ.ਬੀ,ਐਸ.ਡੀ.ਐਮ ਅਹਿਮਦਗੜ੍ਹ.ਗੁਰਮੀਤ ਕੁਮਾਰ, ਐਸ.ਡੀ.ਐਮ.ਅਮਰਗੜ੍ਹ ਸੁਰਿੰਦਰ ਕੌਰ,ਸਹਾਇਕ ਕਮਿਸ਼ਨਰ ਹਰਬੰਸ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਮਨਦੀਪ ਕੌਰ, ਤਹਿਸੀਲਦਾਰ ਮਾਲੇਰਕੋਟਲਾ ਸ਼ੀਸ਼ਪਾਲ ਸਿੰਗਲਾ,ਤਹਿਸੀਲਦਾਰ ਅਹਿਮਦਗੜ੍ਹ ਮਨਿੰਦਰ ਸਿੰਘ, ਨਾਇਬ ਤਹਿਸੀਲਦਾਰ ਮਾਲੇਰਕੋਟਲਾ ਵਿਨੋਦ ਕੁਮਾਰ,ਨਾਇਬ ਤਹਿਸੀਲਦਾਰ ਅਹਿਮਦਗੜ੍ਹ ਪ੍ਰਵੀਨ ਕੁਮਾਰ, ਨਾਇਬ ਤਹਿਸੀਲਦਾਰ ਅਮਰਗੜ੍ਹ ਪ੍ਰਿਯੰਕਾ,ਸਦਰ ਕਾਨੂੰਗੋ ਰਣਜੀਤ ਸਿੰਘ ਤੋ ਇਲਾਵਾ ਹੋਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ ।