ਪਟਿਆਲਾ : ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਲਾਅ ਯੂਨੀਵਰਸਿਟੀ ਪਟਿਆਲਾ ਵਿਚ ਵਾਪਰੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਮਾਜ ਵਿਚ ਔਰਤਾਂ ਦਾ ਹੋ ਰਿਹਾ ਜਿਣਸੀ ਸ਼ੋਸ਼ਣ ਮੰਦਭਾਗਾ ਹੈ, ਉਥੇ ਹੀ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਸ਼ਰਮਨਾਕ ਹੈ, ਜਿਥੇ ਦਾ ਵਾਈਸ ਚਾਂਸਲਰ ਯੂਨੀਵਰਸਿਟੀ ਵਿਚ ਪੜ੍ਹਦੀਆਂ ਵਿਦਿਆਰਥਣਾਂ ’ਤੇ ਭੱਦੇ ਤੰਜ ਕੱਸਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਥੇ ਵਾਈਸ ਚਾਂਸਲਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹ ਆਪਣੀ ਧੀਆਂ ਭੈਣਾਂ ਬਾਰੇ ਵੀ ਅਜਿਹਾ ਨਜ਼ਰੀਆ ਰੱਖਦਾ ਹੈ ਅਤੇ ਅਜਿਹੇ ਵਾਈਸ ਚਾਂਸਲਰ ਖਿਲਾਫ਼ ਸਖਤ ਐਕਸ਼ਨ ਹੋਣਾ ਚਾਹੀਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਵਿਚ ਪਹਿਲਾਂ ਨਿਰਭੈ ਕਾਂਡ ਮੁੜ ਕਲਕੱਤਾ ਦੇ ਆਰ ਜੀ ਕਾਲਜ ਵਿਚ ਜੋ ਹੋਇਆ ਉਸ ਨੇ ਸਮੁੱਚੀ ਮਾਨਵਤਾ ਨੂੰ ਸ਼ਰਮਸ਼ਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਧੀਨ ਚੱਲਦੀਆਂ ਅਜਿਹੀਆਂ ਸੰਸਥਾਵਾਂ ਵਿਚ ਜੋ ਕੁਝ ਵਾਪਰ ਰਿਹਾ ਉਸ ਲਈ ਦੇਸ਼ ਦੇ ਪ੍ਰਧਾਨ ਮੰਤਰੀ ਜ਼ਿੰਮੇਵਾਰੀ ਹਨ, ਜਿਨ੍ਹਾਂ ਵੱਲੋਂ ਔਰਤਾਂ ਖਿਲਾਫ਼ ਹੋ ਰਹੇ ਅਜਿਹੇ ਹਮਲਿਆਂ ਪ੍ਰਤੀ ਕੋਈ ਐਕਸ਼ਨ ਨਹੀਂ ਲਿਆ ਜਾਂਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਲਾਅ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਨਾਲ ਸਬੰਧਤ ਮਸਲੇ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵੇ ਅਤੇ ਪੂਰੇ ਮਾਮਲੇ ਦੀ ਜਾਂਚ ਕਰਵਾਕੇ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।