ਨਵੀਂ ਦਿੱਲੀ : ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਹਰਸ਼ਵਰਧਨ ਨੇ ਰਖਿਆ ਖੋਜ ਅਤੇ ਵਿਕਾਸ ਸੰਸਥਾ (ਡੀਆਰਡੀਓ) ਦੁਆਰਾ ਬਣਾਈ ਗਈ ਕੋਵਿਡ-19 ਰੋਕੂ ਦਵਾਈ 2 ਡੀਜੀ ਦੀ ਪਹਿਲੀ ਖੇਪ ਜਾਰੀ ਕੀਤੀ। ਕੋਵਿਡ ਦੇ ਦਰਮਿਆਨੇ ਲੱਛਣਾਂ ਵਾਲੇ ਅਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ’ਤੇ 2-ਡੀਆਕਸੀ ਡੀ ਗੁਲੂਕੋਜ਼ (2-ਡੀਜੀ) ਦੀ ਹੰਗਾਮੀ ਵਰਤੋਂ ਨੂੰ ਭਾਰਤ ਦੇ ਦਵਾਈ ਡਾਇਰੈਕਟਰੋਟ ਵਲੋਂ ਮਨਜ਼ੂਰੀ ਮਿਲ ਚੁੱਕੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦਵਾਈ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਉਮੀਦ ਦੀ ਕਿਰਨ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਬੈਠਣ ਦਾ ਨਹੀਂ ਕਿਉਂਕਿ ਇਸ ਮਹਾਂਮਾਰੀ ਦੀ ਕਿਸਮ ਬਾਰੇ ਕੁਝ ਵੀ ਪੱਕੀ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦਵਾਈ ਦੀ ਪਰਖ ਵਿਚ ਪਤਾ ਲੱਗਾ ਹੈ ਕਿ ਇਸ ਨਾਲ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਦੀ ਆਕਸੀਜਨ ’ਤੇ ਨਿਰਭਰਤਾ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਨਾਲ ਹੀ ਇਸ ਦਵਾਈ ਨਾਲ ਮਰੀਜ਼ ਛੇਤੀ ਠੀਕ ਹੋ ਜਾਂਦੇ ਹਨ। ਇਸ ਦਵਾਈ ਨੂੰ ਅਜਿਹੇ ਸਮੇਂ ਮਨਜ਼ੂਰੀ ਮਿਲੀ ਹੈ ਜਦ ਭਾਰਤ ਕੋਵਿਡ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਸਿੱਝ ਰਿਹਾ ਹੈ।