ਮੋਗਾ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਸੰਗਰੂਰ ਦੀ ਪੁਰਾਣੀ ਕੈਮੀਕਲ ਫੈਕਟਰੀ ਦੇ ਗਰਾਊਂਡ ਵਿਖੇ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਵਿੱਚ ਹਾਜ਼ਰ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਫਰਮਾਇਆ ਕਿ ਇਹ ਜੋ ਇਨਸਾਨੀ ਜੀਵਨ ਮਿਲਿਆ ਹੈ ਇਸਦਾ ਮੂਲ ਮਕਸਦ ਹੈ ਪ੍ਰਮਾਤਮਾ ਦੀ ਜਾਣਕਾਰੀ ਪ੍ਰਾਪਤ ਕਰਨਾ। ਅਸੀਂ ਅਕਸਰ ਸੁਣਦੇ ਹਾਂ ਕਿ ਪ੍ਰਮਾਤਮਾ ਇੱਕ ਹੈ, ਇਸ ਇੱਕ ਪ੍ਰਮਾਤਮਾ ਦੀ ਜਾਣਕਾਰੀ ਜੋ ਪੂਰੇ ਸਤਿਗੁਰੂ ਤੋਂ ਹਾਸਲ ਕਰ ਲੈਂਦਾ ਹੈ ਉਸਤੇ ਸੰਸਾਰ ਦੀ ਉਥਲ ਪੁਥਲ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਉਹ ਇਨਸਾਨ ਹਮੇਸ਼ਾ ਪ੍ਰਭੂ ਦੇ ਭਾਣੇ ਵਿੱਚ ਰਹਿੰਦਾ ਹੈ ਕਿਸੇ ਵੀ ਕਮੀ ਪੇਸ਼ੀ ਦਾ ਨਿਰੰਕਾਰ ਪ੍ਰਮਾਤਮਾ ਨੂੰ ਦੋਸ਼ ਨਹੀਂ ਦਿੰਦਾ। ਹਰ ਇੱਕ ਨਾਲ ਪ੍ਰੇਮ, ਪਿਆਰ, ਸਤਿਕਾਰ, ਨਿਮਰਤਾ, ਸਹਿਣਸ਼ੀਲਤਾ, ਮਿਲਵਰਤਨ, ਭਾਈਚਾਰਾ ਬਣਾ ਕੇ ਰੱਖਦਾ ਹੈ। ਸਤਿਗੁਰੂ ਮਾਤਾ ਜੀ ਨੇ ਸੰਗਰੂਰ ਸ਼ਹਿਰ ਬਾਰੇ ਜ਼ਿਕਰ ਕਰਦੇ ਹੋਏ ਕਿਹਾ ਕਿ ਸੰਗ ਕਿਸਦਾ ਕਰਨਾ ਹੈ - ਭਾਵ ਸੰਗ ਨੂਰ ਦਾ ਕਰਨਾ ਹੈ ਜਾਂ ਸੰਗ ਗਰੂਰ ਦਾ ਕਰਨਾ ਹੈ। ਇਹ ਸੋਚਣਾ ਹੈ ਕਿ ਸੰਗ ਪ੍ਰਮਾਤਮਾ ਦਾ ਕਰਨਾ ਹੈ ਜਾਂ ਹੰਕਾਰ ਵਿੱਚ ਹੀ ਰਹਿਣਾ ਹੈ। ਇਸ ਤਰ੍ਹਾਂ ਦੇ ਗਰੂਰ ਵਾਲਾ ਜੀਵਣ ਪ੍ਰਮਾਤਮਾ ਨੂੰ ਪਸੰਦ ਨਹੀਂ ਹੈ। ਅਸੀਂ ਪ੍ਰਮਾਤਮਾ ਨਾਲ ਤਾਂ ਪਿਆਰ ਕਰਨਾ ਹੀ ਹੈ ਸਗੋਂ ਪ੍ਰਮਾਤਮਾ ਦੁਆਰਾ ਬਣਾਏ ਗਏ ਇਨਸਾਨਾਂ ਨਾਲ ਵੀ ਉਨ੍ਹਾਂ ਹੀ ਪਿਆਰ ਕਰਨਾ ਹੈ ਕਿਸੇ ਨਾਲ ਨਫ਼ਰਤ ਦੇ ਭਾਵ ਨਹੀਂ ਰੱਖਣੇ। ਕਈ ਵਾਰ ਕੋਈ ਸਾਡੇ ਤੋਂ ਵੱਡੀ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਚਾਹੁੰਦੇ ਹਾਂ ਕਿ ਦੂਸਰਾ ਇਨਸਾਨ ਉਸ ਗਲਤੀ ਨੂੰ ਨਜਰ ਅੰਦਾਜ ਕਰ ਦੇਵੇ ਬਲਕਿ ਅਸੀਂ ਵੀ ਦੂਸਰੇ ਦੀ ਗਲਤੀ ਨੂੰ ਮੁਆਫ਼ ਕਰਨ ਦਾ ਜਜ਼ਬਾ ਰੱਖਣਾ ਹੈ। ਕਦੇ ਕੋਈ ਸ਼ਿਕਵਾ ਨਹੀਂ ਕਰਨਾ ਸਗੋਂ ਹਰ ਹਾਲ ਵਿੱਚ ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰਾਨਾ ਹੀ ਕਰਨਾ ਹੈ।
ਇਸ ਤੋਂ ਪਹਿਲਾਂ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਵੀ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਜਿਸ ਨੂੰ ਇਸ ਪ੍ਰਮਾਤਾਮਾ ਦੀ ਜਾਣਾਕਰੀ ਹੋ ਜਾਂਦੀ ਹੈ ਉਸਦਾ ਜੀਵਨ ਮੁਬਾਰਕ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਫੁੱਲਾਂ ਦਾ ਸੁਭਾਅ ਹੈ ਹਰੇਕ ਨੂੰ ਖੁਸ਼ਬੂ ਦੇਣਾ ਉਸੇ ਤਰ੍ਹਾਂ ਭਗਤ ਦਾ ਸੁਭਾਅ ਹੈ ਸਭਨਾਂ ਨਾਲ ਪ੍ਰੇਮ ਕਰਨਾ ਅਤੇ ਆਪਣੇ ਪਿਆਰ ਦੀ ਮਹਿਕ ਫੈਲਾਉਣਾ। ਸਤਿਗੁਰੂ ਸਾਡੀ ਸੀਮਤ ਜਿਹੀ ਹਸਤੀ ਨੂੰ ਅਸੀਮ ਨਾਲ ਜੋੜ ਕੇ ਸਾਡੀ ਸੀਮਤ ਹਸਤੀ ਦਾ ਇਸ ਅਸੀਮ ਨਿਰੰਕਾਰ ਨਾਲ ਜੋੜ ਕੇ ਵਿਸਥਾਰ ਕਰ ਦਿੰਦੇ ਹਨ।
ਇਸ ਮੌਕੇ ਸੰਗਰੂਰ ਦੇ ਜੋਨਲ ਇੰਚਾਰਜ ਡਾ. ਵੀ. ਸੀ. ਲੂਥਰਾ ਨੇ ਸੰਗਤਾਂ ਦੀ ਤਰਫੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਰਾਜਪਿਤਾ ਰਮਿਤ ਜੀ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਅਤੇ ਸ਼ੁਕਰਾਨਾ ਕੀਤਾ। ਇਸ ਤੋਂ ਇਲਾਵਾ ਸੰਗਰੂਰ ਬ੍ਰਾਂਚ ਦੇ ਸੰਯੋਜਕ ਡਾ. ਕੇ. ਸੀ. ਗੋਇਲ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਥਾਨਕ ਸੰਯੋਜਕਾਂ, ਮੁਖੀਆਂ ਅਤੇ ਸੇਵਾਦਲ ਦੇ ਅਧਿਕਾਰੀਆਂ ਅਤੇ ਮੈਬਰਾਂ ਤੋ ਇਲਾਵਾ ਵੱਖ ਵੱਖ ਧਾਰਮਿਕ, ਸਮਾਜਿਕ, ਵਪਾਰਿਕ ਅਤੇ ਰਾਜਨੀਤਿਕ ਸੰਸਥਾਵਾਂ ਤੋ ਆਏ ਹੋਏ ਪੰਤਵੰਤੇ ਸੱਜਣਾਂ, ਨਗਰ ਕੌਂਸਲ ਸੰਗਰੂਰ, ਜਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਆਦਿ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।