ਸੁਨਾਮ : ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸੁਨਾਮ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ, ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਕੀਤਾ ਗਿਆ। ਰਾਗੀ ਢਾਡੀ ਜਥਿਆਂ ਵੱਲੋਂ ਗੁਰਬਾਣੀ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਗੱਤਕਾ ਪਾਰਟੀਆਂ ਨੇ ਖਾਲਸਾਈ ਜੰਗਜੂ ਕਲਾ ਦੇ ਜੌਹਰ ਦਿਖਾਏ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਲੰਗਰ ਲਾਏ ਗਏ।