ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਨਿਉਰੋ ਸਰਜਨ ਡਾ. ਜਸਦੀਪ ਸਿੰਘ ਐਮ ਸੀ ਐਚ ਵੱਲੋਂ 40 ਸਾਲਾ ਰਾਜ ਕੁਮਾਰ ਦੀ ਲੱਤ ਦੀ ਸ਼ਿਆਟਕਾ ਨਾੜ ਦੇ ਅੰਦਰ ਦੀ ਰਸੌਲੀ ਦਾ ਨਿਊਰੋ ਮੋਨੀਟਰ ਹੇਠਾਂ ਸਫਲ ਅਪਰੇਸ਼ਨ ਕੀਤਾ ਗਿਆ ਹੈ। ਇਸ ਨਿਵੇਕਲੇ ਅਤੇ ਵਿਸ਼ੇਸ਼ ਪ੍ਰਕਾਰ ਦੇ ਅਪਰੇਸ਼ਨ ਬਾਰੇ ਜਾਣਕਾਰੀ ਦਿੰਦੇ ਡਾਕਟਰ ਜਸਦੀਪ ਸਿੰਘ ਸੈਣੀ ਨੇ ਦੱਸਿਆ ਕਿ ਮਰੀਜ਼ ਨੂੰ ਲੱਤ ਦੀ ਸ਼ਿਆਟਕਾ ਨਾੜ ਦੇ ਅੰਦਰ ਦੀ ਰਸੌਲੀ ਕਰਕੇ ਪਿਛਲੇ ਲੰਬੇ ਸਮੇਂ ਤੋਂ ਕੰਮ ਕਾਰ ਕਰਨ ਵਿਚ ਬਹੁਤ ਤਕਲੀਫ ਪੇਸ਼ ਆ ਰਹੀ ਸੀ। ਆਪਣੀ ਦਿਨੋ-ਦਿਨ ਵੱਧਦੀ ਦਰਦ ਤੇ ਤਕਲੀਫ ਨੂੰ ਦੇਖਦੇ ਹੋਏ ਰਾਜ ਕੁਮਾਰ ਆਪਣਾ ਇਲਾਜ ਕਰਵਾਉਣ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਜਸਦੀਪ ਸਿੰਘ ਸੈਣੀ ਕੋਲ ਆਏ। ਡਾ. ਸੈਣੀ ਨੇ ਮਰੀਜ਼ ਦੀ ਜਦੋਂ ਤਸੱਲੀ ਬਖਸ਼ ਜਾਂਚ ਕੀਤੀ ਤਾਂ ਇਸ ਜਾਂਚ ਵਿਚ ਪਤਾ ਲੱਗਾ ਕਿ ਮਰੀਜ਼ ਦੀ ਲੱਤ ਦੀ ਸ਼ਿਆਟਕਾ ਨਾੜ ਦੇ ਅੰਦਰ ਦੀ ਰਸੌਲੀ ਬਣ ਜਾਣ ਕਰਕੇ ਮਰੀਜ਼ ਰਾਜ ਕੁਮਾਰ ਨੂੰ ਚੱਲਣ ਫਿਰਨ ਅਤੇ ਰੋਜ਼ਾਨਾ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ ਰੁਜ਼ਗਾਰ ਵੀ ਖਤਮ ਹੋਣ ਕਿਨਾਰੇ ਸੀ ਅਤੇ ਇਹ ਸਮੱਸਿਆ ਦਿਨੋਂ ਦਿਨ ਵੱਧ ਰਹੀ ਸੀ। ਹਸਪਤਾਲ ਢਾਹਾਂ ਕਲੇਰਾਂ ਵਿਖੇ ਨਿਊਰੋ ਮੋਨੀਟਰ ਦੀਆਂ ਨਵੀਂ ਤਕਨੀਕਾਂ ਅਤੇ ਆਧੁਨਿਕ ਯੰਤਰਾਂ ਦੀ ਮਦਦ ਨਾਲ ਨਾੜ ਦੀ ਰਸੌਲੀ ਦਾ ਸਫਲ ਅਪਰੇਸ਼ਨ ਹੋਣ ਨਾਲ ਮਰੀਜ਼ ਰਾਜ ਕੁਮਾਰ ਹੁਣ ਬਿਲਕੁੱਲ ਤੰਦਰੁਸਤ ਹੈ। ਡਾ. ਜਸਦੀਪ ਸਿੰਘ ਸੈਣੀ ਨੇ ਅੱਗੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਰੀਰ ਦੇ ਨਰਵਿਸ ਸਿਸਟਿਮ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਹਰ ਤਰ੍ਹਾਂ ਦੀ ਬਿਮਾਰੀਆ ਦਾ ਸਫਲ ਇਲਾਜ ਹੋ ਰਿਹਾ ਹੈ। ਮਰੀਜ਼ਾਂ ਦੇ ਅਪਰੇਸ਼ਨ ਕਰਨ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਅਪਰੇਸ਼ਨ ਥੀਏਟਰ ਅਤੇ ਰਹਿਣ ਲਈ ਐਚ ਡੀ ਯੂ ਵਾਰਡ ਤੇ ਪ੍ਰਾਈਵੇਟ ਡੀਲਕਸ ਰੂਮ ਹਨ। ਇਸ ਮੌਕੇ ਤੰਦਰੁਸਤ ਮਰੀਜ਼ ਰਾਜ ਕੁਮਾਰ ਨੇ ਕਿਹਾ ਕਿ ਉਹ ਹੁਣ ਖੁਦ ਆਪਣੇ ਰੋਜ਼ਾਨਾ ਦੇ ਸਾਰੇ ਕੰਮ ਕਰ ਰਿਹਾ ਅਤੇ ਉਸ ਨੂੰ ਭਾਰੀ ਦਰਦਾਂ ਦੀ ਬਿਮਾਰੀ ਤੋਂ ਨਿਜ਼ਾਤ ਮਿਲ ਗਈ ਹੈ। ਉਸ ਨੇ ਡਾ ਜਸਦੀਪ ਸਿੰਘ ਸੈਣੀ ਐਮ ਸੀ ਐਚ (ਨਿਊਰੋ ਸਰਜਰੀ) ਦਾ ਸ਼ਾਨਦਾਰ ਸਫਲ ਅਪਰੇਸ਼ਨ ਕਰਕੇ ਉਸ ਨੂੰ ਤੰਦਰੁਸਤ ਕਰਨ ਲਈ ਹਾਰਦਿਕ ਧੰਨਵਾਦ ਕੀਤਾ ਜਿਸ ਕਰਕੇ ਉਸ ਨੂੰ ਨਵਾਂ ਜੀਵਨ ਮਿਲਿਆ ਹੈ। ਹਸਪਤਾਲ ਪ੍ਰਬੰਧਕ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਵੀ ਸ਼ਾਨਦਾਰ ਅਪਰੇਸ਼ਨ ਕਰਨ ਲਈ ਡਾ. ਜਸਦੀਪ ਸਿੰਘ ਸੈਣੀ ਨੂੰ ਵਧਾਈ ਦਿੱਤੀ। ਬਹੁਤ ਹੀ ਵਿਲੱਖਣ ਅਪਰੇਸ਼ਨ ਬਾਰੇ ਜਾਣਕਾਰੀ ਮੌਕੇ ਡਾ ਜਸਦੀਪ ਸਿੰਘ ਸੈਣੀ ਨਿਊਰੋਸਰਜਨ, ਮਰੀਜ਼ ਦੀ ਪਤਨੀ ਅਮਨਦੀਪ ਕੌਰ, ਹਸਪਤਾਲ ਸਟਾਫ ਵੀ ਹਾਜ਼ਰ ਸੀ।