ਲਖਨਊ : ਕੋਰੋਨਾ ਵਾਇਰਸ ਲਾਗ ਕਾਰਨ ਲੰਮੇ ਸਮੇਂ ਤੋਂ ਪ੍ਰਭਾਵਤ ਚੱਲ ਰਹੀ ਸਿਖਿਆ ਅਤੇ ਵਿਦਿਅਕ ਸੈਸ਼ਨ ਵਿਚਾਲੇ ਯੋਗੀ ਆਦਿਤਿਆਨਾਥ ਸਰਕਾਰ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿਤੀ ਹੈ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਸੂਬੇ ਦੇ ਕਿਸੇ ਵੀ ਸਕੂਲ ਵਿਚ ਵਿਦਿਅਕ ਸੈਸ਼ਨ 2021-22 ਵਿਚ ਫ਼ੀਸ ਵਾਧਾ ਨਹੀਂ ਹੋਵੇਗਾ। ਸੂਬੇ ਦੇ ਸਿਖਿਆ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਦਸਿਆ ਕਿ ਸੂਬੇ ਵਿਚ ਚਲਦੇ ਹਰ ਬੋਰਡ ਦੇ ਸਕੂਲ ਫ਼ੀਸ ਵਿਚ ਵਾਧਾ ਨਹੀਂ ਕਰ ਸਕਣਗੇ। ਇਹ ਹੁਕਮ ਸਾਰੇ ਸਕੂਲਾਂ ’ਤੇ ਲਾਗੂ ਹੋਵੇਗਾ। ਇਸ ਦੇ ਨਾਲ ਹੀ ਕਿਸੇ ਨੂੰ ਵੀ ਹੁਣ ਸਕੂਲ ਬੰਦ ਰਹਿਣ ਦੇ ਸਮੇਂ ਵਿਚ ਆਵਾਜਾਈ ਫ਼ੀਸ ਨਹੀਂ ਦੇਣੀ ਪਵੇਗੀ। ਇਸ ਦੌਰਾਨ ਤਿੰਨ ਮਹੀਨੇ ਦੀ ਅਗਾਊਂ ਫ਼ੀਸ ਦੇਣ ਵਿਚ ਪ੍ਰੇਸ਼ਾਨੀ ਹੋਣ ’ਤੇ ਅਧਿਆਪਕ ਬੱਚਿਆਂ ਦੀ ਮਹੀਨਾਵਾਰ ਫ਼ੀਸ ਵੀ ਦੇ ਸਕਣਗੇ। ਸਰਕਾਰ ਨੇ ਮਹਾਂਮਾਰੀ ਤੋਂ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਇਹ ਫ਼ੈਸਲਾ ਕੀਤਾ ਹੈ।