ਆਕਸੀਜਨ ਜਨਰੇਸ਼ਨ ਪਲਾਂਟ ਦੀ ਦੇਖਭਾਲ 'ਚ ਖੁਦ ਸਿਹਤ ਵਿਭਾਗ ਵੱਲੋਂ ਦਿਖਾਈ ਜਾ ਰਹੀ ਗੰਭੀਰ ਲਾਪਰਵਾਹੀ
ਹੁਸ਼ਿਆਰਪੁਰ : ਸਿਹਤ ਵਿਭਾਗ ਦੇ ਆਹਲਾ ਸਰਕਾਰੀ ਅਧਿਕਾਰੀਆਂ ਦੀ ਭਾਰੀ ਲਾਪਰਵਾਹੀ ਅਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਦੀ ਨਾ ਅਹਿਲੀਅਤ ਸਦਕਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਰਦੇ ਹੋਏ ਮਰੀਜ਼ ਨੂੰ ਜੀਵਨ ਦਾਨ ਦੇਣ ਵਾਲੇ ਆਕਸੀਜਨ ਜਨਰੇਸ਼ਨ ਪਲਾਂਟ ਦੀ ਖੁਦ ਦੀ ਜਾਨ ਨਿਕਲੀ ਹੋਈ ਹੈ ਜਿਸ ਨਾਲ ਕਿਸੇ ਗੰਭੀਰ ਹਾਲਤ ਵਿੱਚ ਹਸਪਤਾਲ ਪੁੱਜਣ ਵਾਲੇ ਮਰੀਜ਼ਾਂ ਦੀ ਕੀਮਤੀ ਜਾਨ ਨਾਲ ਭਾਰੀ ਖਿਲਾਵੜ ਕੀਤਾ ਜਾ ਰਿਹਾ ਹੈ | ਸਿਤਮਜ਼ਰੀਫੀ ਇਹ ਕਿ ਇਸ ਆਕਸੀਜਨ ਜਨਰੇਸ਼ਨ ਪਲਾਂਟ ਦੀ ਦੇਖਭਾਲ ਵਿੱਚ ਖੁਦ ਸਿਹਤ ਵਿਭਾਗ ਵੱਲੋਂ ਦਿਖਾਈ ਜਾ ਰਹੀ ਗੰਭੀਰ ਲਾਪਰਵਾਹੀ ਵਿੱਚ ਵਿਭਾਗ ਦੇ ਹੀ ਆਹਲਾ ਅਧਿਕਾਰੀਆਂ ਦਾ ਭਾਰੀ ਰੋਲ ਹੈ ਜਿਨ੍ਹਾਂ ਨੇ ਕੇਵਲ ਆਪਣੀ ਜ਼ਿੰਮੇਵਾਰੀ ਦਾ ਭਾਰ ਸਿਰ ਤੋਂ ਲਾਹੁਣ ਲਈ ਕਾਗਜ਼ੀ ਕਾਰਵਾਈ ਤੋਂ ਵੱਧ ਕੋਈ ਅਹਿਮੀਅਤ ਨਹੀਂ ਦਿੱਤੀ ਅਤੇ ਨਾ ਹੀ ਇਸ ਮਸਲੇ ਦੇ ਹੱਲ ਲਈ ਕੋਈ ਸਾਰਥਕ ਯਤਨ ਹੀ ਅਮਲ ਵਿੱਚ ਲਿਆਂਦੇ ਹਨ ਜਿਸਦੇ ਨਤੀਜੇ ਵਜੋਂ ਸਥਾਨਕ ਮਨੁੱਖੀ ਆਬਾਦੀ ਦੀ ਸਿਹਤ ਅਤੇ ਤੰਦਰੁਸਤੀ ਉੱਪਰ ਬਹੁਤ ਸਾਰੇ ਗੰਭੀਰ ਪ੍ਰਭਾਵ ਪਏ ਹਨ।
"ਵਿਹਡ਼ੇ ਆਈ ਜੰਝ ਤੇ ਵਿੰਨੌਂ ਕੁੜੀ ਦੇ ਕੰਨ" 'ਤੇ ਚੱਲਦੇ ਨੇ ਸਿਹਤ ਵਿਭਾਗ ਦੇ ਅਧਿਕਾਰੀ"
ਅਸਲ ਵਿੱਚ ਸਾਡੇ ਦੇਸ਼ ਦਾ ਪੂਰਾ ਸਿਸਟਮ ਹੀ ਪੰਜਾਬੀ ਦੀ ਕਹਾਵਤ "ਵਿਹਡ਼ੇ ਆਈ ਜੰਝ ਤੇ ਵਿੰਨੌਂ ਕੁੜੀ ਦੇ ਕੰਨ" ਦੇ ਅਧਾਰ 'ਤੇ ਹੀ ਚੱਲਦਾ ਹੈ ਅਤੇ ਸਿਹਤ ਵਿਭਾਗ ਵਰਗੇ ਅਹਿਮ ਮਹਿਕਮੇ ਦਾ ਤਾਂ ਆਵਾ ਹੀ ਊਤਿਆ ਹੋਇਆ ਹੈ |
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ ਨੇ ਦੇਸ਼ ਦੀਆਂ ਵੱਖ-ਵੱਖ ਰਾਜ ਸਰਕਾਰਾਂ ਦੁਆਰਾ ਮਹਾਂਮਾਰੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਦਿੱਤੀ ਗਈ ਘੱਟ ਤਰਜੀਹ ਨੂੰ ਉਜਾਗਰ ਕੀਤਾ, ਖਾਸ ਕਰਕੇ ਦੇਸ਼ ਦੇ ਸਿਹਤ ਸੰਭਾਲ ਦੇ ਖੇਤਰ ਦੀਆਂ ਕਮੀਆਂ ਦੀ ਪਾਜ ਬਹੁਤ ਬੁਰੇ ਤਰੀਕੇ ਨਾਲ ਉੱਘਾੜਿਆ | ਮੁੱਢਲੀਆਂ ਸਿਹਤ ਸਹੂਲਤਾਂ ਜਿਵੇਂ ਕਿ ਆਕਸੀਜਨ ਵਰਗੇ ਜ਼ਰੂਰੀ ਸਰੋਤਾਂ ਦੀ ਢੁਕਵੀਂ ਸਪਲਾਈ, ਪੇਂਡੂ ਸਿਹਤ ਸਹੂਲਤਾਂ, ਜੋ ਕਿ ਸਥਾਨਕ ਲੋਕਾਂ ਦੀਆਂ ਜਾਨਾਂ ਨੂੰ ਸੁਰੱਖਿਅਤ ਰੱਖਣ ਲਈ ਬੇਹੱਦ ਜਰੂਰੀ ਹੈ, ਦੀ ਅਣਹੋਂਦ ਬਹੁਤ ਬੁਰੀ ਤਰ੍ਹਾਂ ਨਾਲ ਸਾਹਮਣੇ ਆਈ|
"ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਹੋ ਰਹੀ ਵੱਡੀ ਲਾਪਰਵਾਹੀ"
ਭਾਵੇਂ ਕਿ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਨੂੰ ਮੈਡੀਕਲ ਕਾਲਜ ਬਣਾਉਣ ਦੇ ਦਮਗਜੇ ਮਾਰੇ ਜਾ ਰਹੇ ਹਨ ਤੇ ਕਰੋੜਾਂ ਰੁਪਏ ਲਾਗਤ ਨਾਲ ਬਿਲਡਿੰਗ ਅਤੇ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਅਸਲ ਵਿੱਚ ਅਜੋਕੇ ਸਮੇਂ ਅੰਦਰ ਸਿਵਲ ਹਸਪਤਾਲ ਹੁਸ਼ਿਆਰਪੁਰ ਅੰਦਰ ਸਿਹਤ ਪ੍ਰਬੰਧ ਰੱਬ ਆਸਰੇ ਹੀ ਚੱਲ ਰਹੇ ਹਨ | ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਦੋ ਆਕਸੀਜਨ ਜਨਰੇਸ਼ਨ ਪਲਾਂਟ ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਹੋਏ ਹਨ ਤਾਂ ਜੋ ਹੰਗਾਮੀ ਹਾਲਤ ਵਿੱਚ ਮਰੀਜ਼ਾਂ ਦੀ ਜਾਨ ਬਚਾਉਣ ਲਈ ਤੁਰੰਤ ਜੀਵਨ ਰੱਖਿਆ ਉਪਕਰਣ ਦੀ ਤੁਰੰਤ ਵਰਤੋਂ ਕੀਤੀ ਜਾ ਸਕੇ | ਇਸ ਮਕਸਦ ਲਈ ਆਕਸੀਜਨ ਪਹੁੰਚਾਉਣ ਲਈ ਸਿਵਿਲ ਹਸਪਤਾਲ ਦੇ ਸਾਰੇ ਕਮਰਿਆਂ ਵਿੱਚ ਪਾਈਪਾਂ ਰਾਹੀਂ ਸਪਲਾਈ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਇਸ ਆਕਸੀਜਨ ਜਨਰੇਸ਼ਨ ਪਲਾਂਟ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਕੀਤੇ ਗਏ ਦੌਰੇ ਦੌਰਾਨ ਇਹ ਵੇਖਿਆ ਗਿਆ ਕਿ ਦੋਵੇਂ ਆਕਸੀਜਨ ਜਨਰੇਸ਼ਨ ਪਲਾਂਟ ਦੀ ਤਾਲਾਬੰਦੀ ਕੀਤੀ ਹੋਈ ਹੈ ਅਤੇ ਇਹ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੈ | ਪੁੱਛ ਪੜਤਾਲ ਕਰਨ ਤੋਂ ਪਤਾ ਚੱਲਿਆ ਕਿ ਪਿਛਲੇ ਕਰੀਬ ਇੱਕ ਸਾਲ ਤੋਂ ਇਹ ਦੋਵੇਂ ਆਕਸੀਜਨ ਪਲਾਂਟ ਬੰਦ ਪਏ ਹੋਏ ਹਨ। ਇਨ੍ਹਾਂ ਦਾ ਮਰੀਜ਼ਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ | ਇਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੀਵਨ ਰੱਖਿਆ ਉਪਕਰਨਾ ਦੀ ਸਾਂਭ ਸੰਭਾਲ ਵਰਗੇ ਸੰਵੇਦਨਸ਼ੀਲ ਮਾਮਲੇ ਪ੍ਰਤੀ ਸਿਹਤ ਅਧਿਕਾਰੀਆਂ ਦੀ ਲਾਪਰਵਾਹੀ ਕਿਸ ਹੱਦ ਤੱਕ ਜਾ ਸਕਦੀ ਹੈ |
"ਕੀ ਕਹਿੰਦੇ ਨੇ ਸਿਹਤ ਅਧਿਕਾਰੀ"
ਜੀਵਨ ਰੱਖਿਆ ਨਾਲ ਸੰਬੰਧਿਤ ਇਸ ਸੰਵੇਦਨਸ਼ੀਲ ਮਸਲੇ ਸਬੰਧੀ ਪੱਖ ਲੈਣ ਲਈ ਕੀਤੇ ਗਏ ਸੰਪਰਕ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਰਵਈਆ ਬਹੁਤ ਹੀ ਗੈਰਜਿੰਮੇਵਾਰਾਨਾ ਰਿਹਾ | ਸਭ ਤੋਂ ਪਹਿਲਾਂ ਇਸ ਮਸਲੇ ਤੇ ਸੰਪਰਕ ਕਰਨ ਦੌਰਾਨ ਸਿਵਲ ਸਰਜਨ ਡਾ ਪਵਨ ਕੁਮਾਰ ਨੇ ਕਿਹਾ ਕਿ ਇਸ ਮਸਲੇ ਬਾਰੇ ਜਾਣਕਾਰੀ ਸਬੰਧਿਤ ਹਸਪਤਾਲ ਦੇ ਮੁੱਖ ਪ੍ਰਬੰਧਕ ਐਸਐਮਓ ਹੀ ਦੇ ਸਕਦੇ ਹਨ। ਜਦੋਂ ਸੀਨੀਅਰ ਐਸਐਮਓ ਡਾਕਟਰ ਸਵਾਤੀ ਨਾਲ ਫੋਨ ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਫੋਨ ਚੁੱਕਣਾ ਅਤੇ ਬੈਕ ਕਾਲ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ | ਜਦੋਂ ਇਸ ਸਬੰਧੀ ਸਿਵਲ ਸਰਜਨ ਡਾ ਪਵਨ ਕੁਮਾਰ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਡਿਪਟੀ ਮੈਡੀਕਲ ਕਮਿਸ਼ਨ ਡਾਕਟਰ ਹਰਬੰਸ ਕੌਰ ਨਾਲ ਸੰਪਰਕ ਕਰਨ ਲਈ ਕਿਹਾ। ਪਰ ਡਿਪਟੀ ਮੈਡੀਕਲ ਕਮਿਸ਼ਨਰ ਦੀ ਜਿੰਮੇਵਾਰ ਪੋਸਟ ਤੇ ਬੈਠੀ ਡਾਕਟਰ ਹਰਬੰਸ ਕੌਰ ਨੇ ਵੀ ਇਸ ਮਸਲੇ ਤੇ ਆਪਣਾ ਪੱਲਾ ਝਾੜ ਦਿੱਤਾ। ਜਦੋਂ ਇਸ ਬਾਰੇ ਵੀ ਸਿਵਲ ਸਰਜਨ ਨੂੰ ਦੱਸਿਆ ਗਿਆ ਤਾਂ ਉਹਨਾਂ ਨੇ ਸਹਾਇਕ ਐਸਐਮਓ ਡਾਕਟਰ ਕੁਲਦੀਪ ਸਿੰਘ ਘੋਤੜਾ ਦੀ ਡਿਊਟੀ ਲਗਾਈ ਪੱਤਰਕਾਰਾਂ ਨੇ ਉਹਨਾਂ ਦੇ ਦਫਤਰ ਵਿੱਚ ਸੰਪਰਕ ਕਰਕੇ ਪੱਖ ਜਾਣਿਆ ਤਾਂ ਉਹਨਾਂ ਇਸ ਆਕਸੀਜਨ ਪਲਾਂਟ ਦੀ ਦੇਖਰੇਖ ਕਰ ਰਹੇ ਸਚਿਨ ਨਾਮਕ ਠੇਕੇ ਅਧਾਰਿਤ ਮੁਲਾਜ਼ਮ ਨੂੰ ਬੁਲਾ ਕੇ ਇਸ ਪਾਸੋਂ ਜਾਣਕਾਰੀ ਲੈਣ ਤੋਂ ਬਾਅਦ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਆਕਸੀਜਨ ਜਨਰੇਸ਼ਨ ਪਲਾਂਟ ਦੀਆਂ ਪਾਈਪਾਂ ਚੋਰੀ ਹੋ ਗਈਆਂ ਸਨ ਜਿਸ ਸਬੰਧੀ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਲਿਖਤੀ ਇਤਲਾਹ ਦਿੱਤੀ ਗਈ ਹੈ ਅਤੇ ਮਹਿਕਮੇ ਦੇ ਅਧਿਕਾਰੀਆਂ ਨੂੰ ਵੀ ਮੁਰੰਮਤ ਲਈ ਪ੍ਰਵਾਨਗੀ ਲਈ ਲਿਖਿਆ ਗਿਆ ਹੈ ਦੂਜੇ ਆਕਸੀਜਨ ਪਲਾਂਟ ਬਾਰੇ ਉਹਨਾਂ ਦੱਸਿਆ ਕਿ ਇਸ ਦੇ ਜਨਰੇਟਰ ਦਾ ਕੰਪ੍ਰੈਸ਼ਰ ਖਰਾਬ ਹੋਇਆ ਪਿਆ ਹੈ ਅਤੇ ਸਰਵਿਸ ਵੀ ਹੋਣ ਵਾਲ਼ੀ ਹੋਣ ਕਰਕੇ ਵਰਤੋਂ ਵਿੱਚ ਨਹੀਂ ਹਨ।
ਭਾਵੇਂ ਕੁੱਝ ਵੀ ਹੋਵੇ ਹੰਗਾਮੀ ਹਾਲਤ ਵਿਚ ਜੀਵਣ ਰਖਿਅਕ ਉਪਕਰਣ ਦੋਵੇਂ ਆਕਸੀਜਨ ਪਲਾਂਟ ਲੰਮੇ ਸਮੇਂ ਤੋਂ ਵਰਤੋਂ ਵਿੱਚ ਨਾ ਹੋਣ ਕਾਰਣ ਇਹ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੌਜੂਦਾ ਪ੍ਰਸਾਸ਼ਕ ਸੀਨੀਅਰ ਐੱਸਐੱਮਓ ਦੀ ਕੇਵਲ ਕਾਰਜਸ਼ੈਲੀ ਹੀ ਨਹੀਂ ਸਗੋਂ ਉਨ੍ਹਾਂ ਦੀ ਪ੍ਰਸਾਸ਼ਨਿਕ ਯੋਗਤਾ ਉੱਪਰ ਵੀ ਸਵਾਲੀਆ ਨਿਸ਼ਾਨ ਲਗਾ ਰਹੇ ਹਨ । ਲੰਮੇ ਸਮੇਂ ਤੋਂ ਬੰਦ ਪਏ ਇਹਨਾਂ ਆਕਸੀਜਨ ਪਲਾਂਟਾਂ ਨੂੰ ਸਮੇਂ ਸਿਰ ਠੀਕ ਨਾ ਕਰਾਉਣ ਤੇ ਪੱਤਰਕਾਰਾਂ ਨੇ ਗੈਰ ਜਿੰਮੇਦਾਰ ਹਸਪਤਾਲ ਦੇ ਪ੍ਰਸਾਸ਼ਕ ਤੇ ਅਧਿਕਾਰੀਆਂ ਵਿਰੁੱਧ ਸਖਤ ਵਿਭਾਗੀ ਕਾਰਵਾਈ ਕਰਨ ਅਤੇ ਪੰਜਾਬ ਸਰਕਾਰ ਤੋਂ ਇਹਨਾਂ ਨੂੰ ਠੀਕ ਕਰਾਕੇ ਮਰੀਜ਼ਾਂ ਦੇ ਵਰਤੋਂ ਯੋਗ ਬਣਾਉਣ ਦੀ ਮੰਗ ਕੀਤੀ। ਜੀਵਨ ਰਖਿਅਕ ਉਪਕਰਣਾਂ ਦੀ ਚੋਰੀ ਵੱਲ ਲੈ ਜਾਣ ਵਾਲੇ ਹਾਲਾਤਾਂ ਦੀ ਤੁਰੰਤ ਅਤੇ ਪੂਰੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੀ ਗੰਭੀਰ ਲਾਪਰਵਾਹੀ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ। ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਕਿ ਟੈਕਸਦਾਤਾਵਾਂ ਦੇ ਪੈਸੇ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਜਾਵੇ, ਅਤੇ ਜਨਤਕ ਸੰਪਤੀਆਂ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਸਮਾਜ ਦੇ ਹਿੱਤ ਲਈ ਸਹੀ ਢੰਗ ਨਾਲ ਬਣਾਈ ਰੱਖਿਆ ਜਾਵੇ। ਲੋਕਾਂ ਦੀਆਂ ਮੁੱਢਲੀਆਂ ਸਿਹਤ ਸੰਭਾਲ ਜ਼ਰੂਰਤਾਂ ਨੂੰ ਬਿਨਾਂ ਕਿਸੇ ਸਮਝੌਤੇ ਦੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਪੱਤਰਕਾਰਾਂ ਨੇ ਇਸ ਸੰਜੀਦਾ ਮਸਲੇ ਦੇ ਜਲਦੀ ਹੱਲ ਲਈ ਸਰਕਾਰ ਵੱਲ ਦੇਖਣ ਦੀ ਬਜਾਏ ਸੋਨਾਲੀਕਾ, ਮਹਾਂਵੀਰ ਸਪਿਨਿੰਗ ਮਿੱਲ ਹਾਕਿੰਸ ਕੂਕਰ ਤੇ ਰਿਲਾਇੰਸ ਵਰਗੇ ਅਦਾਰਿਆਂ ਦਾ ਸਹਿਯੋਗ ਲੈਣ ਦੇ ਸੁਝਾਓ ਦੇਣ 'ਤੇ ਐੱਸਐੱਮਓ ਡਾ ਕੁਲਦੀਪ ਸਿੰਘ ਘੋਤੜਾ ਨੇ ਸਹਿਮਤ ਹੁੰਦਿਆਂ ਆਪਣੇ ਵੱਲੋਂ ਹਰਿ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ।