ਨਵੀਂ ਦਿੱਲੀ : ਅਦਾਨੀ ਗਰੁਪ ਦੇ ਮਾਲਕ ਗੌਤਮ ਅਦਾਨੀ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਬਣ ਗਏ ਹਨ। ਉਨ੍ਹਾਂ ਦੀ ਕੁਲ ਸੰਪਤੀ 4.98 ਲੱਖ ਕਰੋੜ ਰੁਪਏ ਰਹੀ ਹੈ। ਇਸੇ ਸਾਲ ਵਿਚ ਉਨ੍ਹਾਂ ਦੀ ਸੰਪਤੀ ਵਿਚ 2.47 ਲੱਖ ਕਰੋੜ ਦਾ ਵਾਧਾ ਹੋਇਆ ਹੈ ਯਾਨੀ ਲਗਭਗ 100 ਫ਼ੀਸਦੀ ਦਾ ਵਾਧਾ। ਏਸ਼ੀਆ ਵਿਚ ਪਹਿਲੇ ਨੰਬਰ ’ਤੇ ਰਿਲਾਇੰਸ ਦੇ ਮੁਕੇਸ਼ ਅੰਬਾਨੀ ਹਨ ਜਿਨ੍ਹਾਂ ਦੀ ਕੁਲ ਸੰਪਤੀ 5.73 ਲੱਖ ਕਰੋੜ ਰੁਪਏ ਹੈ। ਇਹ ਜਾਣਕਾਰੀ ਬਲੂਮਬਰਗ ਦੀ ਰੀਪੋਰਟ ਦਿਤੀ ਗਈ ਹੈ। ਜਿਸ ਤਰ੍ਹਾਂ ਅਦਾਨੀ ਦੀ ਸੰਪਤੀ ਲਗਾਤਾਰ ਵੱਧ ਰਹੀ ਹੈ, ਉਹ ਅੰਬਾਨੀ ਨੂੰ ਪਿੱਛੇ ਛੱਡ ਸਕਦੇ ਹਨ। ਇਨ੍ਹਾਂ ਦੋਹਾਂ ਵਿਚ ਸੰਪਤੀਆਂ ਦਾ ਫ਼ਰਕ ਮਹਿਜ਼ 75 ਹਜ਼ਾਰ ਕਰੋੜ ਰੁਪਏ ਦਾ ਰਹਿ ਗਿਆ ਹੈ। ਬੁਨਿਆਦੀ ਢਾਂਚੇ ਤੋਂ ਲੈ ਕੇ ਨਵਿਆਉਣਯੋਗ ਊਰਜਾ ਵਿਚ ਕੰਮ ਕਰ ਰਹੇ ਗੌਤਮ ਅਦਾਨੀ ਨੇ ਚੀਨ ਦੀ ਮਸ਼ਹੂਰ ਕੰਪਨੀ ਦੇ ਮਾਲਕ ਝੌਂਗ ਸ਼ਾਨਸ਼ਾਨ ਨੂੰ ਪਿੱਛੇ ਛੱਡ ਦਿਤਾ ਹੈ। ਉਸ ਦੀ ਸੰਪਤੀ 4.77 ਲੱਖ ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਸਮਝੇ ਜਾਂਦੇ ਅੰਬਾਨੀ ਦੁਨੀਆਂ ਭਰ ਵਿਚ ਇਸ ਵੇਲੇ 13ਵੇਂ ਅਮੀਰ ਉਦਯੋਗਪਤੀ ਹਨ ਜਦਕਿ ਅਦਾਨੀ 14ਵੇਂ ਨੰਬਰ ’ਤੇ ਹਨ। ਇਸ ਸਾਲ ਦੀ ਗੱਲ ਕਰੀਏ ਤਾਂ ਅੰਬਾਨੀ ਦੀ ਸੰਪਤੀ ਵਿਚ 1312 ਕਰੋੜ ਰੁਪਏ ਦੀ ਕਮੀ ਆਈ ਹੈ ਜਦਕਿ ਅਦਾਨੀ ਦੀ ਸੰਪਤੀ ਵਿਚ 2.47 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਅਦਾਨੀ ਦੀ ਸੰਪਤੀ ਵਿਚ ਪਿਛਲੇ ਇਕ ਸਾਲ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਅਦਾਨੀ ਦੀਆਂ ਲਿਸਟਿਡ 6 ਕੰਪਨੀਆਂ ਹਨ ਜਿਨ੍ਹਾਂ ਦਾ ਮਾਰਕੀਟ ਕੈਪ ਇਕ ਸਾਲ ਵਿਚ 41.2 ਗੁਣਾਂ ਵਧਿਆ ਹੈ ਤੇ ਅੰਬਾਨੀ ਦੀਆਂ ਕੰਪਨੀਆਂ ਦਾ ਮਾਰਕੀਟ ਕੈਪ ਮਹਿਜ਼ 55 ਫ਼ੀਸਦੀ ਵਧਿਆ ਹੈ। ਅਦਾਨੀ ਟੋਟਲ ਗੈਸ ਦਾ ਸ਼ੇਅਰ ਇਕ ਸਾਲ ਵਿਚ 114 ਗੁਣਾਂ ਵਧਿਆ ਹੈ ਜੋ ਸਭ ਤੋਂ ਜ਼ਿਆਦਾ ਵਧਣ ਵਾਲਾ ਸ਼ੇਅਰ ਰਿਹਾ ਹੈ। ਅਦਾਨੀ ਇਸ ਸਮੇਂ ਪੋਰਟ, ਏਅਰਪੋਰਟ, ਐਨਰਜੀ, ਲਾਜਿਸਟਿਕ, ਪੈਕੇਡ ਫ਼ੂਡ, ਐਗਰੀ ਬਿਜ਼ਨਸ, ਰੀਅਲ ਅਸਟੇਟ, ਗੈਸ, ਰਖਿਆ ਨਾਲ ਸਬੰਧਤ ਖੇਤਰਾਂ ਵਿਚ ਕੰਮ ਕਰ ਰਿਹਾ ਹੈ।