ਸੁਨਾਮ : ਯੂਥ ਕਾਂਗਰਸ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਪਾਰਟੀ ਹਾਈਕਮਾਨ ਵੱਲੋਂ ਲਾਈ ਡਿਊਟੀ ਤਹਿਤ ਦਿੱਲੀ ਵਿਧਾਨ ਸਭਾ ਹਲਕਾ ਕਸਤੂਰਬਾ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਭਿਸ਼ੇਕ ਦੱਤ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਸ਼ੁੱਕਰਵਾਰ ਨੂੰ ਗੱਲਬਾਤ ਦੌਰਾਨ ਨੌਜਵਾਨ ਕਾਂਗਰਸੀ ਆਗੂ ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਤੋਂ ਦਿੱਲੀ ਦੀ ਜਨਤਾ ਡਾਢੀ ਪ੍ਰੇਸ਼ਾਨ ਹੈ, ਅਰਵਿੰਦ ਕੇਜਰੀਵਾਲ ਦੇ ਝੂਠ ਅਤੇ ਫ਼ਰੇਬ ਨੂੰ ਲੋਕ ਸਮਝ ਚੁੱਕੇ ਹਨ। ਭਾਰਤੀ ਜਨਤਾ ਪਾਰਟੀ ਧਰਮ ਦੇ ਨਾਂਅ ਤੇ ਸਿਆਸਤ ਕਰ ਰਹੀ ਹੈ ਜਦਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਧਰਮ ਨਿਰਪੱਖਤਾ ਨੂੰ ਪਹਿਲ ਦਿੱਤੀ ਹੈ। ਐਡਵੋਕੇਟ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਤੋਂ ਦਿੱਲੀ ਦੀ ਜਨਤਾ ਨੂੰ ਸੁਚੇਤ ਕਰਨ ਲਈ ਘਰ ਘਰ ਜਾਕੇ ਦੱਸਿਆ ਜਾ ਰਿਹਾ ਹੈ ਤਾਂ ਜੋ ਦਿੱਲੀ ਦੇ ਵੋਟਰ ਮੁੜ ਤੋਂ ਗੁੰਮਰਾਹ ਨਾ ਹੋਣ। ਉਨ੍ਹਾਂ ਦੱਸਿਆ ਕਿ ਉਹ ਚੋਣ ਪ੍ਰਚਾਰ ਦੇ ਅਖੀਰ ਤੱਕ ਆਪਣੀ ਜ਼ਿੰਮੇਵਾਰੀ ਨਿਭਾਉਣਗੇ।