ਰਾਜਿੰਦਰ ਸਿੰਘ ਰਾਜਾ ਬੀਰਕਲਾਂ ਤੇ ਹੋਰ ਆਗੂ ਚੋਣ ਪ੍ਰਚਾਰ ਕਰਦੇ ਹੋਏ
ਸੁਨਾਮ : ਸੁਨਾਮ ਵਿਧਾਨ ਸਭਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਸਮੇਤ ਹੋਰ ਆਗੂ ਦਿੱਲੀ ਵਿਧਾਨ ਸਭਾ ਦੇ ਹਲਕਾ ਜੰਗਪੁਰਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਫਰਿਆਦ ਸੂਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਜੁਟੇ ਹੋਏ ਹਨ। ਕਾਂਗਰਸ ਕਮੇਟੀ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਹਰਜੋਤ ਸਿੰਘ ਜੋਤੀ, ਸੁਭਾਸ਼ ਭਾਰਗਵ, ਰਾਜ ਬਖਸ਼, ਰਾਜਿੰਦਰ ਸਿੰਘ ਸੇਵਾ ਮੁਕਤ ਐਸ ਐਸ ਪੀ ਅਤੇ ਡਾਕਟਰ ਰਾਜ ਕੁਮਾਰ ਦਹੀਆ ਨੇ ਕਿਹਾ ਕਿ ਦਿੱਲੀ ਦੇ ਵਿਧਾਨ ਸਭਾ ਹਲਕਾ ਜੰਗਪੁਰਾ ਤੋਂ ਜਿੱਥੇ ਕਾਂਗਰਸ ਦੇ ਉਮੀਦਵਾਰ ਫ਼ਰਿਆਦ ਸੂਰੀ ਦਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਾਲ ਹੈ ਉੱਥੇ ਆਮ ਆਦਮੀ ਪਾਰਟੀ ਦੇ ਮੁਨੀਸ਼ ਸਿਸੋਦੀਆ ਵੀ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵੋਟਰਾਂ ਦਾ ਰੁਝਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਦਿਖਾਈ ਦੇ ਰਿਹਾ ਹੈ ਆਮ ਆਦਮੀ ਪਾਰਟੀ ਤੋਂ ਦਿੱਲੀ ਦੇ ਵੋਟਰਾਂ ਦਾ ਮੋਹ ਭੰਗ ਹੋ ਚੁੱਕਾ ਹੈ ਜਦਕਿ ਭਾਜਪਾ ਧਰਮ ਦੇ ਨਾਂਅ ਤੇ ਫਿਰਕਿਆਂ ਵਿੱਚ ਵੰਡੀਆਂ ਪਾ ਰਹੀ ਹੈ। ਉਕਤ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਪਾਰਟੀ ਨੂੰ ਅਲਵਿਦਾ ਆਖਣਾ ਸਪਸ਼ਟ ਕਰ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਜਹਾਜ਼ ਡੁੱਬਣ ਕਿਨਾਰੇ ਖੜ੍ਹਾ ਹੈ।