ਪਟਿਆਲਾ : ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਨੇ ਕਿਹਾ ਹੈ ਕਿ ਅਰਬਨ ਅਸਟੇਟ ਵਿੱਚ ਸੜਕਾਂ ਉਤੇ ਕੀਤੇ ਗਏ ਪੈਚ ਵਰਕ ਦੇ ਉਖੜ ਜਾਣ ਕਰਕੇ ਪੀ.ਡੀ.ਏ. ਨੇ ਸਬੰਧਤ ਠੇਕੇਦਾਰ ਦੀ ਅਦਾਇਗੀ ਰੋਕ ਦਿੱਤੀ ਹੈ ਅਤੇ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅੱਜ ਇੱਥੇ ਕਿਹਾ ਕਿ ਸੜਕਾਂ ਠੀਕ ਕਰਨ ਲਈ ਹਾਲੇ ਠੰਢ ਕਰਕੇ ਕੰਮ ਸ਼ੁਰੂ ਨਹੀਂ ਹੋ ਸਕਦਾ ਇਸ ਲਈ ਮਾਰਚ ਮਹੀਨੇ ਮੌਸਮ ਠੀਕ ਹੋਣ ਬਾਅਦ ਕੰਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ।
ਮਨੀਸ਼ਾ ਰਾਣਾ ਨੇ ਦੱਸਿਆ ਕਿ ਪਟਿਆਲਾ ਵਿਕਾਸ ਅਥਾਰਟੀ ਇਸ ਗੱਲੋਂ ਵਚਨਬੱਧ ਹੈ ਕਿ ਉਨ੍ਹਾਂ ਦੇ ਅਧੀਨ ਕਲੋਨੀਆਂ ਵਿੱਚ ਸਥਾਨਕ ਵਸਨੀਕਾਂ ਨੂੰ ਬਿਹਤਰ ਨਾਗਰਿਕ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਕੋਈ ਕਮੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਠੇਕੇਦਾਰ ਨੇ ਸੜਕਾਂ ਬਣਵਾਈਆਂ ਸਨ, ਉਸ ਵੱਲੋਂ ਸੜਕਾਂ ਟੁੱਟਣ ਕਰਕੇ ਪੈਚ ਵਰਕ ਕੀਤਾ ਗਿਆ ਸੀ। ਪਰੰਤੂ ਉਹ ਪੈਚ ਵਰਕ ਉਖੜਨ ਕਰਕੇ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਹੋਈ ਹੈ, ਜਿਸ ਕਰਕੇ ਠੇਕੇਦਾਰ ਦੀ ਪੇਮੈਂਟ ਰੋਕ ਦਿੱਤੀ ਗਈ ਹੈ।
ਮਨੀਸ਼ਾ ਰਾਣਾ ਨੇ ਹੋਰ ਕਿਹਾ ਕਿ ਹੁਣ ਇਸੇ ਠੇਕੇਦਾਰ ਤੋਂ ਹੀ ਇਹ ਕੰਮ ਕਰਵਾਇਆ ਜਾਵੇਗਾ, ਜਿਸ ਲਈ ਉਸ ਨੂੰ ਕੋਈ ਹੋਰ ਵਾਧੂ ਅਦਾਇਗੀ ਨਹੀਂ ਕੀਤੀ ਜਾਵੇਗੀ, ਅਤੇ ਉਸ ਵੱਲੋਂ ਇਹ ਕੰਮ ਆਪਣੇ ਖਰਚੇ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੀ.ਡੀ.ਏ ਨੇ ਦੋ ਮਹੀਨੇ ਪਹਿਲਾਂ ਹੀ ਸਬੰਧਤ ਠੇਕੇਦਾਰ ਦੀ ਅਦਾਇਗੀ ਰੋਕ ਦਿੱਤੀ ਸੀ।