ਸੁਨਾਮ : ਸੁਨਾਮ ਬਲਾਕ ਦੇ ਪਿੰਡ ਨਮੋਲ ਵਿਖੇ ਪੈਟਰੋ ਕੰਪਨੀ ਦੀ ਜ਼ਮੀਨਦੋਜ਼ ਪਾਈਪ ਲਾਈਨ ਵਿਛਾਉਣ ਨੂੰ ਲੈਕੇ ਕਿਸਾਨਾਂ ਦਾ ਧਰਨਾ ਨਿਰੰਤਰ ਜਾਰੀ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਤੇਲ ਕੰਪਨੀ ਵੱਲੋਂ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਸ਼ਹਿ ਤੇ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਹੀ ਪਾਈਪ ਲਾਈਨ ਵਿਛਾਈ ਜਾ ਰਹੀ ਹੈ। ਇਸ ਨਾਲ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੋ ਗਿਆ ਹੈ। ਕਿਸਾਨ ਆਗੂ ਮਹਿੰਦਰ ਸਿੰਘ ਨਮੋਲ, ਬਲਜਿੰਦਰ ਲੌਂਗੋਵਾਲ, ਗੁਰਮੇਲ ਲੌਂਗੋਵਾਲ, ਬਲਦੇਵ ਸਿੰਘ, ਅਮਰ ਸਿੰਘ ਲੌਂਗੋਵਾਲ, ਲਾਲੀ ਢਿੱਲੋਂ, ਮਿੱਠਾ ਸਿੰਘ ਨਮੋਲ, ਮੀਤਾ ਸਿੰਘ, ਗੁਰਪਾਲ ਸਿੰਘ ਰੋਮਾਣਾ, ਅਮਰੀਕ ਸਿੰਘ, ਸੁਖਦੇਵ ਸਿੰਘ ਕਿਲਾ ਭਰੀਆਂ, ਪੱਪੂ ਨੰਬਰਦਾਰ ਨੇ ਕਿਹਾ ਕਿ ਕਿਸਾਨਾਂ ਨਾਲ ਬੇਇਨਸਾਫ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ ਦੂਜੇ ਪਾਸੇ ਸੁਨਾਮ ਦੇ ਐਸਡੀਐਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਤੇਲ ਕੰਪਨੀ ਨੇ ਜ਼ਮੀਨ ਨਾਲ ਜੁੜੇ ਸਬੰਧਿਤ ਕਿਸਾਨਾਂ ਦੇ 2 ਕਰੋੜ ਰੁਪਏ ਦੇ ਚੈੱਕ ਤਿਆਰ ਕਰ ਦਿੱਤੇ ਹਨ। ਕਿਸਾਨਾਂ ਨੂੰ ਤੁਰੰਤ ਚੈੱਕ ਲੈ ਲੈਣੇ ਚਾਹੀਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਤੇਲ ਕੰਪਨੀ ਵੱਲੋਂ ਪਾਈ ਜਾ ਰਹੀ ਪਾਈਪ ਲਾਈਨ ਲਈ ਵਰਤੋਂ ਵਿੱਚ ਲਿਆਂਦੀ ਜਾ ਰਹੀ ਜ਼ਮੀਨ ਦੇ ਮੁਆਵਜ਼ੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਕੰਪਨੀ ਸਿਰਫ਼ ਜ਼ਮੀਨ ਦੇ ਹੇਠਾਂ ਪਾਈਪ ਲਾਈਨ ਪਾਵੇਗੀ ਨਾ ਕਿ ਜ਼ਮੀਨ ਦੀ ਮਾਲਕੀ ਦਾ ਹੱਕ ਹੈ ਸਿਰਫ ਵਰਤੋਂ ਦਾ ਅਧਿਕਾਰ ਹੀ ਕੰਪਨੀ ਕੋਲ ਹੈ। ਜ਼ਮੀਨ ਦੀ ਮਾਲਕੀ ਕਿਸਾਨ ਕੋਲ ਹੀ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹ ਨਾ ਹੋਣ ਅਤੇ ਯੋਗ ਮੁਆਵਜ਼ਾ ਲੈਣ।