ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਨਰੇਸ਼ ਕੁਮਾਰ ਸ਼ਰਮਾ (ਰਿਟਾਇਰਡ ਲੈਕਚਰਾਰ) ਅਤੇ ਉਹਨਾਂ ਦੀ ਧਰਮ ਪਤਨੀ ਵਿਜੇ ਕੁਮਾਰੀ ਸ਼ਰਮਾ ਨੇ ਸਾਲ 2023-24 ਵਿੱਚ ਬੋਰਡ ਪ੍ਰੀਖਿਆਵਾਂ ਵਿੱਚੋਂ ਮੈਰਿਟ ਵਿੱਚ ਸਥਾਨ ਹਾਸਲ ਕਰਨ ਵਾਲੀਆਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ। ਨਰੇਸ਼ ਕੁਮਾਰ ਸ਼ਰਮਾ ਨੇ ਇਹ ਪੁਰਸਕਾਰ ਆਪਣੇ ਸਵਰਗੀ ਪਿਤਾ ਮਾਸਟਰ ਰਤਨ ਚੰਦ ਸ਼ਰਮਾ ਅਤੇ ਮਾਤਾ ਸ੍ਰੀਮਤੀ ਉਰਮਿਲਾ ਦੇਵੀ ਦੀ ਯਾਦ ਵਿੱਚ ਸ਼ੁਰੂ ਕੀਤਾ ਹੈ। ਜਿਸ ਵਿੱਚ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨੂੰ 2100 ਰੁਪਏ ਪ੍ਰਤੀ ਵਿਦਿਆਰਥੀ ਨਕਦ ਅਤੇ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾਇਰਡ ਲੈਕਚਰਾਰ ਨਰੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਰਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਈ ਵਿਦਿਆਰਥਣ ਚਾਹਤ ਵਰਮਾ ਸਪੁੱਤਰੀ ਸੰਦੀਪ ਕੁਮਾਰ, ਦਸਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਈ ਵਿਦਿਆਰਥਣ ਬੇਅੰਤ ਕੌਰ ਸਪੁੱਤਰੀ ਪ੍ਰਕਾਸ਼ ਸਿੰਘ ਅਤੇ ਅੱਠਵੀਂ ਜਮਾਤ ਵਿੱਚੋਂ ਮੈਰਿਟ ਸੂਚੀ ਵਿੱਚ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਪ੍ਰਿਅੰਕਾ ਸਪੁੱਤਰੀ ਸੁਸ਼ੀਲ ਕੁਮਾਰ ਨੇ ਇਹ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਹਾਸਿਲ ਕੀਤੇ। ਇਸ ਮੌਕੇ ਬੋਲਦਿਆਂ ਨਰੇਸ਼ ਸ਼ਰਮਾ ਨੇ ਵਿਦਿਆਰਥਣਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਨ ਅਤੇ ਪੇਪਰਾਂ ਲਈ ਰਹਿੰਦੇ ਸਮੇਂ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਸ੍ਰੀਮਤੀ ਨੀਲਮ ਰਾਣੀ ਦੀ ਸੁਚੱਜੀ ਅਗਵਾਈ ਅਤੇ ਮਿਹਨਤੀ ਸਟਾਫ਼ ਦੀ ਬਦੌਲਤ ਸਕੂਲ ਬੁਲੰਦੀਆਂ ਛੂਹ ਰਿਹਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਆਖਿਆ ਕਿ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਵਿੱਚ ਪੜ੍ਹਾਈ ਕਰਕੇ ਹਰ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ। ਪ੍ਰਿੰਸੀਪਲ ਨੀਲਮ ਰਾਣੀ ਨੇ ਨਰੇਸ਼ ਕੁਮਾਰ ਸ਼ਰਮਾ ਦੇ ਸੇਵਾ ਮੁਕਤੀ ਤੋਂ ਬਾਅਦ ਵੀ ਸਕੂਲ ਨਾਲ ਜੁੜੇ ਰਹਿਣ ਅਤੇ ਆਪਣੇ ਮਾਤਾ ਪਿਤਾ ਨੂੰ ਯਾਦ ਕਰਦਿਆਂ ਵਿਦਿਆਰਥਣਾਂ ਨੂੰ ਪੜ੍ਹਾਈ ਲਈ ਉਤਸਾਹਿਤ ਕਰਨ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਕਦਮ ਦੱਸਿਆ। ਸਟੇਜ ਸੰਚਾਲਨ ਦੀ ਜਿੰਮੇਵਾਰੀ ਸੁਖਵਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਸਮੇਂ ਵਿਦਿਆਰਥਣਾਂ ਦੇ ਮਾਤਾ ਪਿਤਾ ਤੋਂ ਇਲਾਵਾ ਲੈਕ. ਮੰਜੂ ਬਾਲਾ, ਲੈਕ. ਮੀਨਾਕਸ਼ੀ, ਹਰਪ੍ਰੀਤ ਕੌਰ, ਰਜਿੰਦਰ ਕੌਰ, ਗਗਨਦੀਪ ਕੌਰ, ਨਮਿਤਾ ਬਾਲਾ, ਰਕੇਸ਼ ਰਾਣੀ, ਲਖਵਿੰਦਰ ਸਿੰਘ, ਮਨੀਸ਼ ਕੁਮਾਰ ਤੋਂ ਇਲਾਵਾ ਸਕੂਲ ਸਟਾਫ ਦੇ ਮੈਬਰ ਹਾਜ਼ਰ ਰਹੇ।