ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ- ਸੌਂਦ
ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਤੇ ਪਟਿਆਲਵੀਆਂ ਨੇ ਮਾਣਿਆ ਆਨੰਦ
ਪਟਿਆਲਾ : ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਦੂਜੀ ਦਿਨ ਦੀ ਸੂਫ਼ੀ ਗਾਇਕੀ ਵਾਲੀ ਸ਼ਾਮ ਵੇਲੇ ਪੋਲੋ ਗਰਾਊਂਡ ਵਿਖੇ ਆਪਣੀ ਸੱਭਿਆਚਾਰਕ ਤੇ ਸੂਫ਼ੀ ਗਾਇਕੀ ਨਾਲ ਉੱਘੇ ਗਾਇਕ ਲਖਵਿੰਦਰ ਵਡਾਲੀ ਨੇ ਨਾਲ ਇਸ ਵਿਰਾਸਤੀ ਉਤਸਵ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ। ਸਮਾਰੋਹ 'ਚ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਸੂਫ਼ੀ ਗਾਇਕੀ ਦੀ ਇਸ ਖ਼ੂਬਸੂਰਤ ਸ਼ਾਮ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਸੂਫ਼ੀ ਢਾਡੀ ਨਵਜੋਤ ਸਿੰਘ ਮੰਡੇਰ ਨੇ ਪੰਜਾਬੀ ਲੋਕ ਧਾਰਾ ਦੇ ਕਿੱਸੇ ਤੇ ਢਾਡੀ ਗਾਇਕੀ ਦੀਆਂ ਵਿਰਾਸਤੀ ਤੇ ਸਿੰਗਾਰ ਰਸ ਦੀਆਂ ਵੰਨਗੀਆਂ ਗਾ ਕੇ ਰੰਗ ਬੰਨ੍ਹਿਆ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2025 ਦੀ ਸੂਫ਼ੀ ਗਾਇਕੀ ਦੀ ਇਸ ਸ਼ਾਮ ਵੇਲੇ ਪੋਲੋ ਗਰਾਊਂਡ ਵਿੱਚ ਇੱਕ ਵੱਖਰਾ ਹੀ ਮਾਹੌਲ ਸਿਰਜਦਿਆਂ ਅਕੈਡਮੀ ਯੁਵਾ ਪੁਰਸਕਾਰ ਅਵਾਰਡੀ ਲਖਵਿੰਦਰ ਵਡਾਲੀ ਨੇ ਸੱਭਿਆਚਾਰਕ ਤੇ ਸੂਫ਼ੀ ਗੀਤਾਂ ਸਮੇਤ ਦਰਸ਼ਕਾਂ ਦੀ ਮੰਗ ਮੁਤਾਬਕ ਆਪਣੇ ਚਰਚਿਤ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ ਅਤੇ ਸਮਾਗਮ ਵਿੱਚ ਪੁੱਜੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ।
ਕਿੰਗ ਆਫ਼ ਸੂਫ਼ੀ ਦੇ ਨਾਮ ਨਾਲ ਜਾਣੇ ਜਾਂਦੇ ਲਖਵਿੰਦਰ ਵਡਾਲੀ ਨੇ ਬਾਬਾ ਫਰੀਦ ਜੀ ਦੇ ਸ਼ਬਦ, ਦੋਹੇ, ਤੁ ਮਾਨੇ ਯਾ ਨਾ ਮਾਨੇ, ਚਰਖਾ, ਕਮਲੀ ਯਾਦ ਦੀ ਕਮਲੀ, ਨਜ਼ਰ ਮਿਲਾਓ, ਦਮਾ ਦਮ ਮਸਤ ਕਲੰਦਰ-ਝੂਲੇ ਲਾਲਨ, ਤੇਰਾ ਚਿਹਰਾ, ਰੰਗੀ ਗਈ ਸੋਹਣਿਆ, ਰੱਬ ਮੰਨਿਆ, ਚਾਂਦ, ਹੀਰ ਆਦਿ ਸੂਫ਼ੀ ਕਲਾਮ ਅਤੇ ਲੋਕ ਗੀਤ ਗਾਏ। ਉਨ੍ਹਾਂ ਨੇ ਇਸ ਵਿਰਾਸਤੀ ਉਤਸਵ ਨੂੰ ਕਰਵਾਉਣ 'ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ।
ਲਖਵਿੰਦਰ ਵਡਾਲੀ ਨੇ ਸੁਨੇਹਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਇਹ ਵਿਰਾਸਤੀ ਮੇਲਾ ਇੱਕ ਬਹੁਤ ਚੰਗਾ ਉਪਰਾਲਾ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਹਨ। ਇਸ ਤੋਂ ਪਹਿਲਾਂ ਸੂਫ਼ੀ ਢਾਡੀ ਨਵਜੋਤ ਸਿੰਘ ਮੰਡੇਰ ਨੇ ਆਪਣੇ ਸਾਥੀ ਨਵਕੰਵਰ ਮੰਡੇਰ, ਜਸਕੰਵਰ ਮੰਡੇਰ ਤੇ ਮਨਪ੍ਰੀਤ ਸਿੰਘ ਨਾਲ ਸੂਫ਼ੀ ਢਾਡੀ ਗਾਇਕੀ ਨਾਲ ਦਰਸ਼ਕ ਕੀਲੇ।
ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ
ਪੰਜਾਬ ਨੂੰ ਕੌਮੀ ਤੇ ਕੌਮਾਂਤਰੀ ਸੈਲਾਨੀਆ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਅਜਿਹੇ ਫੈਸਟੀਵਲ ਰਾਜ ਭਰ ਵਿੱਚ ਕਰਵਾਏ ਜਾ ਰਹੇ ਹਨ।ਸ. ਸੌਂਦ ਨੇ ਕਿਹਾ ਕਿ ਅਜਿਹੀ ਸਾਫ਼ ਸੁਥਰੀ ਗਾਇਕੀ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਸੰਗੀਤ ਰਾਹੀਂ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਰੱਖਣ ਦਾ ਸੰਦੇਸ਼ ਦਿੰਦੀ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ 15 ਫਰਵਰੀ ਨੂੰ ਸਵੇਰੇ ਸੰਗਰੂਰ ਰੋਡ 'ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ ਏਅਰੋ ਸ਼ੋਅ ਦੇਖਣ ਲਈ ਪੁੱਜਣ ਅਤੇ ਸ਼ਾਮ ਨੂੰ ਸਤਿੰਦਰ ਸੱਤੀ ਦੀ ਪੇਸ਼ਕਾਰੀ ਨਾਲ ਫੈਸ਼ਨ ਸ਼ੋਅ ਦੇ ਗਵਾਹ ਬਣਨ ਲਈ ਸ਼ਾਮ 6 ਵਜੇ ਕਿਲ੍ਹਾ ਮੁਬਾਰਕ ਵਿਖੇ ਜਰੂਰ ਸ਼ਮੂਲੀਅਤ ਕਰਨ।
ਇਸ ਮੌਕੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਸਿੰਘ ਰਾਏ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆ ਵਾਲਾ, ਬੌਲੀਵੁਡ ਤੋਂ ਜਾਵੇਦ ਜਾਫਰੀ, ਪੰਜਾਬੀ ਦੇ ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਤੇਜਿੰਦਰ ਮਹਿਤਾ, ਇੰਦਰਜੀਤ ਸਿੰਘ ਸੰਧੂ, ਪ੍ਰਾਣ ਸੱਭਰਵਾਲ, ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਪੀ. ਸਿਟੀ ਮੁਹੰਮਦ ਸਰਫ਼ਰਾਜ ਆਲਮ, ਮਨੀਸ਼ਾ ਰਾਣਾ, ਏ.ਡੀ.ਸੀ. ਇਸ਼ਾ ਸਿੰਗਲ, ਐਸ.ਡੀ.ਐਮ. ਰਾਜਪੁਰਾ ਤੇ ਨੋਡਲ ਅਫ਼ਸਰ ਅਵਿਕੇਸ਼ ਕੁਮਾਰ, ਜੁਡੀਸ਼ੀਅਲ ਤੇ ਸਿਵਲ ਅਧਿਕਾਰੀਆਂ ਸਮੇਤ ਪਟਿਆਲਾ ਵਾਸੀ ਅਤੇ ਸੰਗੀਤ ਪ੍ਰੇਮੀਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕਰਕੇ ਸੂਫ਼ੀ ਗਾਇਕੀ ਦਾ ਅਨੰਦ ਮਾਣਿਆ।