ਐਰੋ ਮਾਡਲਿੰਗ ਸ਼ੋਅ 'ਚ ਡਵੀਜ਼ਨਲ ਕਮਿਸ਼ਨਰ ਮਾਂਗਟ, ਡਿਪਟੀ ਕਮਿਸ਼ਨਰ, ਸੀ.ਏ. ਪੀਡੀਏ ਸਮੇਤ ਹੋਰ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿਦਿਆਰਥੀਆਂ ਵੱਲੋਂ ਸ਼ਿਰਕਤ
ਪਟਿਆਲਾ : ਪਟਿਆਲਾ ਹੈਰੀਟੇਜ ਫੈਸਟੀਵਲ-2025 ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਸੰਗਰੂਰ ਰੋਡ 'ਤੇ ਸਿਵਲ ਏਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜਾਂ ਤੇ ਇਨ੍ਹਾਂ ਦੇ ਮਾਡਲਾਂ ਵੱਲੋਂ ਦਿਖਾਏ ਗਏ ਕਰਤੱਬਾਂ ਨੇ ਖੂਬ ਤਾੜੀਆਂ ਬਟੋਰੀਆਂ। ਇਨ੍ਹਾਂ ਜਹਾਜਾਂ ਦੇ ਚਾਲਕਾਂ ਨੇ ਇਨ੍ਹਾਂ ਦੇ ਲੂਪ, ਰੋਲ, ਲੋਅ ਪਾਸ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ, ਜਿਨ੍ਹਾਂ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਸਮੇਂ ਸੈਸਨਾ-172, ਪਪਿਸਟਰਲ ਵਾਇਰਸ ਜਹਾਜਾਂ ਦੀਆਂ ਵਿਸ਼ੇਸ਼ ਉਡਾਣਾ ਸਮੇਤ ਪੈਰਾ ਗਲਾਇੰਡਿੰਗ ਦੇ ਕਰਤੱਬ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।
ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਸੇਵਾ ਲਈ ਭਾਰਤੀ ਫ਼ੌਜ 'ਚ ਸੇਵਾਵਾਂ ਦੇਣ ਲਈ ਅੱਗੇ ਆਉਣ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਰਾਹ ਦਿਖਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਹ ਉਤਸਵ ਜਿੱਥੇ ਸੈਰ ਸਪਾਟੇ ਨੂੰ ਬੜ੍ਹਾਵਾ ਦੇ ਰਿਹਾ ਹੈ, ਉਥੇ ਹੀ ਹੈਰੀਟੇਜ ਫੈਸਟੀਵਲ ਸਾਡੀ ਅਨਮੋਲ ਵਿਰਾਸਤ ਨੂੰ ਵੀ ਦਰਸਾ ਰਿਹਾ ਹੈ। ਡਾ. ਯਾਦਵ ਨੇ ਸਮਾਰੋਹ ਦੀ ਸਫ਼ਲਤਾ ਲਈ ਐਰੋ ਮਾਡਲਿੰਗ ਦੇ ਨੋਡਲ ਅਫ਼ਸਰ ਤੇ ਪੀ.ਡੀ.ਏ. ਦੇ ਸੀ.ਏ. ਮਨੀਸ਼ਾ ਰਾਣਾ, ਏ.ਸੀ.ਏ. ਜਸ਼ਨਪ੍ਰੀਤ ਕੌਰ ਗਿੱਲ, ਈ.ਓ. ਰਿਚਾ ਗੋਇਲ ਤੇ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਪਟਿਆਲਾ ਏਵੀਏਸ਼ਨ ਕਲੱਬ, ਐਨ.ਸੀ.ਸੀ. ਅਤੇ ਪਟਿਆਲਾ ਐਰੋਮਾਡਲਿੰਗ ਸੁਸਾਇਟੀ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ।
ਐਰੋ ਮਾਡਲਿੰਗ ਸ਼ੋਅ ਮੌਕੇ ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਤੇ ਕੈਪਟਨ ਸਿਮਰ ਟਿਵਾਣਾ ਨੇ ਸੈਸਨਾ 172 ਵੀਟੀ ਪੀਬੀਸੀ ਜਹਾਜ ਦੇ ਕਰਤੱਬ ਅਤੇ ਐਨ.ਸੀ.ਸੀ. 3 ਪੰਜਾਬ ਏਅਰ ਵਿੰਗ ਦੇ ਪਪਿਸਟਰਲ ਵਾਇਰਸ ਜਹਾਜ ਦੇ ਪਾਇਲਟ ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਵੱਖਰੇ ਤੌਰ 'ਤੇ ਕਰਤੱਬ ਦਿਖਾਏ।
ਐਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਰਾਜ ਸਿੰਘ ਡਿੰਪੀ ਘੁੰਮਣ ਨੇ ਸਪੇਸਵਾਕਰ ਦਾ ਮਾਡਲ ਅਤੇ ਉਨ੍ਹਾਂ ਦੇ ਪੋਤਰੇ ਤੇ ਵਾਈ.ਪੀ.ਐਸ. ਦੇ ਵਿਦਿਆਰਥੀ ਮਨਕਰਨ ਸਿੰਘ ਨੇ ਪਾਈਪਰ ਕੱਬ ਦਾ ਮਾਡਲ ਉਡਾਇਆ ਤੇ ਜਹਾਜ ਦਾ ਲੂਪ, ਵਿੰਗਓਵਰ ਤੇ ਰੋਲ ਕਰਤੱਬ ਦਿਖਾਏ। ਅੰਮ੍ਰਿਤਸਰ ਤੋਂ ਉਪਿੰਦਰ ਰੂਬੀ ਔਲਖ ਨੇ ਕੈਨਰੇ ਲੋਅ ਵਿੰਗਰ ਅਤੇ ਇਲੈਕਟ੍ਰਿਕ ਸੁਪਰ ਹੌਟ ਦੇ ਕਰਤੱਬ ਦਿਖਾਏ।
ਪਟਿਆਲਾ ਤੋਂ ਇੰਦਰਜੀਤ ਸਿੰਘ ਸਿੱਧੂ ਅਤੇ ਹਰਸਿਮਰਨ ਹਾਂਡਾ ਨੇ ਕੈਨਰੇ ਹਾਈਵਿੰਗਰ ਅਤੇ ਸੁਪਰ ਹੌਟਸ ਅਤੇ ਬਠਿੰਡਾ ਤੋਂ ਜੁਝਾਰ ਸਿੰਘ ਨੇ ਸਕੌਰਪੀਅਨ ਜੈਟ ਈ.ਡੀ.ਐਫ. ਅਤੇ ਯਾਦਵਿੰਦਰ ਸਿੰਘ ਨੇ ਯੂ.ਏ.ਵੀ. ਦਾ ਮਾਡਲ ਉਡਾਇਆ। ਜਦਕਿ ਕਰਨਾਲ ਤੋਂ ਆਏ ਜਗਦੀਪ ਕਪਿਲ ਨੇ ਹੈਲੀਕਾਪਟਰ ਦਾ ਮਾਡਲ ਉਡਾ ਕੇ ਦਿਖਾਇਆ। ਪੰਜਾਬ ਪੈਰਾ ਗਲਾਇਡਿੰਗ ਐਸੋਸੀਏਸ਼ਨ ਦੇ ਸਰਪੰਚ ਸੁਖਚਰਨ ਸਿੰਘ ਨਿੱਕਾ ਬਰਾੜ ਅਤੇ ਚੀਕਾ ਤੋਂ ਆਏ ਅਕਾਸ਼ਦੀਪ ਸਿੰਘ ਨੇ ਪਾਵਰ ਪੈਰਾ ਗਲਾਇਡਿੰਗ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ। ਐਨ.ਸੀ.ਸੀ. ਦੇ ਕੈਡੇਟਾਂ ਨੇ ਮਾਰਚ ਪਾਸਟ ਕੀਤਾ।
ਸੀ.ਏ. ਪੀ.ਡੀ.ਏ. ਮਨੀਸ਼ਾ ਰਾਣਾ ਨੇ ਦਰਸ਼ਕਾਂ ਤੇ ਇਸ ਸਮਾਰੋਹ ਦੀ ਸਫ਼ਲਤਾ ਲਈ ਸਹਿਯੋਗ ਦੇਣ ਵਾਲੇ ਵਿਭਾਗਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ। ਸਮਾਰੋਹ 'ਚ ਐਸ.ਪੀ. ਵੈਭਵ ਚੌਧਰੀ, ਏ.ਡੀ.ਸੀ. (ਜ) ਇਸ਼ਾ ਸਿੰਗਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਸ.ਡੀ.ਐਮ. ਸਮਾਣਾ ਤੇ ਪਾਤੜਾਂ ਤਰਸੇਮ ਚੰਦ ਤੇ ਅਸ਼ੋਕ ਕੁਮਾਰ, ਹਰਨੀਤ ਕੌਰ, ਸਹਾਇਕ ਕਮਿਸ਼ਨਰ ਰਿਚਾ ਗੋੲਲ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ, ਡੀ.ਐਸ.ਪੀ. ਜੀ.ਐਸ. ਸਿਕੰਦ ਸਮੇਤ ਵੱਡੀ ਗਿਣਤੀ ਪਟਿਆਲਵੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜਹਾਜ ਦੇਖੇ ਅਤੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬਾਂ ਦਾ ਆਨੰਦ ਮਾਣਿਆ।