ਹੁਸ਼ਿਆਰਪੁਰ : ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਅਤੇ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਐੱਨ.ਐਮ.ਡੀ.ਐਫ.ਸੀ) ਦੇ ਸਹਿਯੋਗ ਨਾਲ ਪਿੰਡ ਬਜਵਾੜਾ ਕਲਾਂ ਵਿਖੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਸਤੇ ਵਿਆਜ ਦਰ੍ਹਾਂ ’ਤੇ ਕਰਜ਼ਾ ਮੁਹੱਈਆਂ ਕਰਵਾਉਣ ਅਤੇ ਹੋਰ ਸਕੀਮਾਂ ਦੀ ਜਾਣਕਾਰੀ ਦੇਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿੱਥੇ ਜਾਣਕਾਰੀ ਦਾ ਲਾਭ ਲੈਂਦੇ ਹੋਏ ਬਿਨੈਕਾਰਾਂ ਵਲੋਂ ਵੱਖ-ਵੱਖ ਕੰਮਾਂ ਤਹਿਤ ਕਰਜਾਂ ਲੈਣ ਲਈ ਆਪਣੇ ਨਾਂ ਦਰਜ ਕਰਵਾਏ ਗਏ।
ਕੈਂਪ ਦੌਰਾਨ ਬੈਕਫਿੰਕੋ ਦੇ ਚੇਅਰਮੈਨ, ਬੈਕਫਿੰਕੋ ਸੰਦੀਪ ਸੈਣੀ ਨੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਸਤੇ ਵਿਆਜ ਦਰ੍ਹਾਂ ’ਤੇ ਕਰਜ਼ਾ ਮੁਹੱਈਆਂ ਕਰਵਾਉਣ ਅਤੇ ਹੋਰ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੈਕਫਿੰਕੋ ਰਾਹੀਂ ਸਸਤੇ ਵਿਆਜ ਦਰ ‘ਤੇ ਵੱਖ-ਵੱਖ ਕੰਮਾਂ ਲਈ ਕਰਜੇ ਮੁਹੱਈਆ ਕਰਵਾਏ ਜਾਂਦੇ ਹਨ ਜਿਨ੍ਹਾਂ ਦਾ ਯੋਗ ਉਮੀਦਵਾਰਾਂ ਨੂੰ ਲਾਭ ਲੈਂਦਿਆਂ ਕਾਰੋਬਾਰ ਸਥਾਪਤ ਕਰਨੇ ਚਾਹੀਦੇ ਹਨ। ਸੰਦੀਪ ਸੈਣੀ ਨੇ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ, ਸਬਜ਼ੀਆ ਉਗਾਉਣਾ, ਸ਼ਹਿਦ ਦੀਆਂ ਮੱਖੀਆਂ ਪਾਲਣ ਲਈ, ਕਾਰਪੈਂਟਰੀ/ਫਰਨੀਚਰ/ਲੁਹਾਰਾ ਕੰਮ, ਆਟਾ-ਚੱਕੀ/ਕੋਹਲੂ, ਆਟੋ ਰਿਕਸ਼ਾ, ਜਨਰਲ ਸਟੋਰ (ਕਰਿਆਨਾ/ਕੈਟਲ ਫੀਡ/ਪੋਲਟਰੀ ਫੀਡ), ਹਾਰਡਵੇਅਰ ਸਟੋਰ (ਸੈਨਟਰੀ ਅਤੇ ਬਿਲਡਿੰਗ ਮੈਟੀਰੀਅਲ ਲੋਹਾ ਆਦਿ), ਕੱਪੜਾ/ਰੈਡੀਮੇਡ ਗਾਰਮੈਂਟ ਸ਼ਾਪ, ਕਿਤਾਬਾ/ਸਟੇਸ਼ਨਰੀ ਦੀ ਦੁਕਾਨ, ਖੇਤੀਬਾੜੀ ਦੇ ਸੰਦਾਂ ਲਈ (ਫੈਬਰੀਕੇਸ਼ਨ), ਆਟੋ ਮੋਬਾਇਲ ਰਿਪੇਅਰ/ਸਪੇਅਰ ਪਾਰਟਸ ਸ਼ਾਪ, ਇਲੈਕਟ੍ਰੋਨਿਕਸ/ਇਲੈਕਟ੍ਰੀਕਲ ਸੇਲ ਤੇ ਰਿਪੇਅਰ, ਫੋਟੋਗ੍ਰਾਫੀ ਅਤੇ ਵੀਡਿਓਗ੍ਰਾਫੀ, ਮੈਨਟੇਨੈਂਸ ਜਾਂ ਰਿਪੇਅਰ, ਪੰਡਾਲ ਜਾਂ ਸ਼ਮਿਆਨਾ ਸਰਵਿਸ ਆਦਿ 54 ਪ੍ਰਕਾਰ ਦੇ ਕਿੱਤਿਆ ਅਤੇ ਟੈਕਨੀਕਲ/ਪ੍ਰੋਫੈਸ਼ਨਲ ਕੋਰਸਾਂ ਲਈ ਕਰਜਾ ਲੈਣ ਸਬੰਧੀ ਆਏ ਹੋਏ ਲੋਕਾਂ ਨੂੰ ਜਾਣਕਾਰੀ ਦਿੱਤੀ।
ਚੇਅਰਮੈਨ ਨੇ ਦੱਸਿਆ ਕਿ ਬੈਕਫਿੰਕੋ ਸਿੱਧਾ ਕਰਜਾ ਸਕੀਮ ਅਧੀਨ ਪੰਜਾਬ ਰਾਜ ਦੇ ਘੋਸ਼ਿਤ ਪੱਛੜੇ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ, ਜਿਨ੍ਹਾਂ ਦੀ ਸਲਾਨਾ ਆਮਦਨ 3 ਲੱਖ ਰੁਪਏ ਤੱਕ ਹੈ, ਦਾ ਆਰਥਿਕ ਮਿਆਰ ਚੁੱਕਣ ਲਈ ਸਵੈ-ਰੋਜ਼ਗਾਰ ਸਕੀਮਾਂ ਅਧੀਨ 5 ਲੱਖ ਰੁਪਏ ਤੱਕ ਦੇ ਕਰਜੇ 6 ਤੋਂ 8 ਫੀਸਦੀ ਸਲਾਨਾ ਵਿਆਜ ਦੀ ਦਰ ’ਤੇ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੈਕਫਿੰਕੋ ਵੱਲੋਂ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਐਨ.ਐਮ.ਡੀ.ਐਫ.ਸੀ) ਅਧੀਨ ਘੱਟ ਗਿਣਤੀ ਵਰਗ (ਸਿੱਖ, ਕ੍ਰਿਸਚੀਅਨ, ਮੁਸਲਿਮ, ਪਾਰਸੀ, ਬੋਧੀ ਅਤੇ ਜੈਨੀ) ਦੇ ਵਿਦਿਆਰਥੀਆਂ ਲਈ ਪ੍ਰੋਫੈਸ਼ਨਲ ਅਤੇ ਟੈਕਨੀਕਲ ਸਿੱਖਿਆ ਗ੍ਰੈਜੂਏਟ ਅਤੇ ਇਸ ਤੋਂ ਅੱਗੇ ਦੀ ਪੜ੍ਹਾਈ ਲਈ ਸਿੱਖਿਆ ਕਰਜ਼ਾ ਸਕੀਮ ਤਹਿਤ ਕਰਜੇ ਦਿੱਤੇ ਜਾਂਦੇ ਹਨ।
ਜਿਕਰਯੋਗ ਹੈ ਕਿ ਇਸ ਸਕੀਮ ਅਧੀਨ ਯੋਗਤਾ ਪ੍ਰੀਖਿਆ ਵਿੱਚ 50 ਫੀਸਦੀ ਅੰਕ ਹੋਣਾ ਜ਼ਰੂਰੀ ਹਨ। ਇਹ ਕਰਜਾ ਐਨ.ਬੀ.ਸੀ ਸਕੀਮ ਅਧੀਨ ਭਾਰਤ ਅਤੇ ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ 15.00 ਲੱਖ ਰੁਪਏ ਤੱਕ ਦਾ ਕਰਜਾ 8 ਫੀਸਦੀ ਸਲਾਨਾ ਵਿਆਜ ਦੀ ਦਰ ਤੇ ਦਿੱਤਾ ਜਾਵੇਗਾ। (ਕੋਰਸ ਫੀਸ ਦਾ 90 ਫੀਸਦੀ) ਅਤੇ ਐਨ.ਐਮ.ਡੀ. ਸਕੀਮ ਅਧੀਨ 20 ਲੱਖ ਰੁਪਏ ਤੱਕ ਦਾ ਕਰਜਾ ਭਾਰਤ ਵਿੱਚ ਪੜ੍ਹਾਈ ਕਰਨ ਲਈ ਅਤੇ 30 30.00 ਲੱਖ ਰੁਪਏ ਤੱਕ ਦਾ ਕਰਜਾ (ਕੋਰਸ ਫੀਸ ਦਾ 90 ਫੀਸਦੀ) ਵਿਦੇਸ਼ ਵਿੱਚ ਪੜ੍ਹਾਈ ਕਰਨ ਲਈ 3 ਫੀਸਦੀ ਤੋਂ 8 ਫੀਸਦੀ ਸਾਲਾਨਾ ਵਿਆਜ ਦੀ ਦਰ ’ਤੇ ਦਿੱਤਾ ਜਾਂਦਾ ਹੈ। ਕਰਜੇ ਦੀ ਵਾਪਸੀ ਕੋਰਸ ਖਤਮ ਹੋਣ ਤੇ 6 ਮਹੀਨੇ ਬਾਅਦ 5 ਸਾਲਾਂ ਵਿੱਚ ਕੀਤੀ ਜਾਂਦੀ ਹੈ (18 ਮਹੀਨੇ ਮੈਡੀਕਲ ਕੋਰਸਜ਼ ਲਈ) ਜਾਂ ਨੌਕਰੀ ਲੱਗਣ ਤੇ ਕੀਤੀ ਜਾਂਦੀ ਹੈ। ਜੇਕਰ ਕੋਈ ਵਿਅਕਤੀ ਕਰਜ਼ਾ ਟੈਕਨੀਕਲ ਕਿੱਤੇ ਲਈ ਲੈਣਾ ਚਾਹੁੰਦਾ ਹੈ ਤਾਂ ਘੱਟੋ ਘੱਟ ਮੈਟ੍ਰਿਕ ਪਾਸ ਹੋਵੇ। ਜਿਨ੍ਹਾਂ ਨੇ ਟ੍ਰੇਨਿੰਗ ਲਈ ਹੈ, ਉਨ੍ਹਾਂ ਨੂੰ ਪਹਿਲ ਦਿੱਤੀ ਜਾਵੇਗੀ। ਪਿਤਾ ਪੁਰਖੀ ਅਤੇ ਨਾਨ ਟੈਕਨੀਕਲ ਸਕੀਮਾਂ ਲਈ ਇਹ ਸ਼ਰਤ ਜ਼ਰੂਰੀ ਨਹੀਂ ਹੈ। ਐਨ.ਬੀ.ਸੀ.ਐਫ.ਡੀ.ਸੀ ਅਤੇ ਐਨ.ਐਮ.ਡੀ.ਐਫ.ਸੀ ਸਕੀਮ ਤਹਿਤ ਪ੍ਰੋਜੈਕਟ ਲਾਗਤ ਦਾ 5 ਫੀਸਦੀ ਹਿੱਸਾ ਬਿਨੈਕਾਰ ਆਪਣੇ ਕੋਲ਼ੋਂ ਪਾਉਂਦਾ ਹੈ। ਇਸ ਸੰਬੰਧੀ ਸ਼ਰਤਾਂ ਮੁਕੰਮਲ ਹੋਣ ਉਪਰੰਤ ਕਰਜ਼ੇ ਦੀ ਅਦਾਇਗੀ ਸਿੱਧੀ ਬਿਨੈਕਾਰ ਦੇ ਬਚਤ ਖਾਤਿਆਂ ਵਿੱਚ ਟਰਾਸਫਰ ਕੀਤੀ ਜਾਂਦੀ ਹੈ ਜੋ ਕਿ ਪੰਜ ਸਾਲਾਂ ਵਿੱਚ 20 ਤਿਮਾਹੀ ਕਿਸ਼ਤਾਂ ਵਿੱਚ ਵਾਪਸ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ ਅੰਗਹੀਣ ਵਿਅਕਤੀਆਂ (40 ਫੀਸਦੀ ਜਾਂ ਜਿਆਦਾ) ਜੋ ਇਸ ਟਾਰਗੈਟ ਗਰੁੱਪ ਅਧੀਨ ਆਉਂਦੇ ਹਨ, ਨੂੰ ਵਿਆਜ ਦਰ ਤੇ 0.25 ਫੀਸਦੀ ਛੋਟ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਮੇਂ ਸਿਰ ਅਦਾਇਗੀ ਕਰਨ ਤੇ ਲਾਭਪਾਤਰੀ ਨੂੰ 0.5 ਫੀਸਦੀ ਸਾਲਾਨਾ ਦੀ ਰੀਬੇਟ ਦਿੱਤੀ ਜਾਵੇਗੀ।
ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ ਕਰਮਜੀਤ ਕੌਰ, ਅਜੈ ਸ਼ਰਮਾ, ਰਾਜ ਕੁਮਾਰ ਆਡਿਟ ਅਫ਼ਸਰ, ਬੈਕਫਿੰਕੋ, ਮੈਡਮ ਰਾਜ ਰਾਣੀ, ਸਹਾਇਕ ਜ਼ਿਲ੍ਹਾ ਮੈਨੇਜਰ ਐਸ.ਸੀ.ਕਾਰਪੋਰੇਸ਼ਨ, ਨਰੇਸ਼ ਕੁਮਾਰ, ਸੁਪਰਡੰਟ, ਦਫ਼ਤਰ ਜ਼ਿਲ੍ਹਾ ਭਲਾਈ ਅਫ਼ਸਰ, ਨੀਰਜ ਸਿੱਧੂ ਫੀਲਡ ਅਫ਼ਸਰ, ਬੈਕਫਿੰਕੋ, ਸ਼੍ਰੀ ਬੱਬੂ ਮਹੇ, ਸਰਪੰਚ ਬਜਵਾੜਾ ਕਲਾਂ, ਦਿਗਪਾਲ, ਸੁਖਬੀਰ ਸਿੰਘ ਵੀ ਮੌਜੂਦ ਸਨ।