ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਸਕੱਤਰ ਜਗਤਾਰ ਸਿੰਘ ਕਾਲਾਝਾੜ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਵੱਲੋਂ ਭੇਜਿਆ ਖੇਤੀ ਖਰੜਾ ਵਿਧਾਨ ਸਭਾ ਵਿੱਚ ਰੱਦ ਕਰੇ। ਉਨ੍ਹਾਂ ਆਖਿਆ ਕਿ ਮਾਨ ਸਰਕਾਰ ਨੇ ਜਥੇਬੰਦੀਆਂ ਦੇ ਦਬਾਅ ਹੇਠ ਖੇਤੀ ਡਰਾਫਟ ਰੱਦ ਕਰਨ ਬਾਰੇ ਜ਼ੁਬਾਨੀ ਕਿਹਾ ਹੈ ਉਹ ਕੋਈ ਮਾਅਨੇ ਨਹੀਂ ਰੱਖਦਾ। ਸ਼ੁੱਕਰਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਭੇਜਿਆ ਖੇਤੀ ਖਰੜਾ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਜ ਮਾਰਚ ਨੂੰ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਤਾਂ ਜੋ ਕਿਸਾਨੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਖਰੜਾ ਕਿਸਾਨੀ ਦੇ ਨਾਲ ਹੋਰ ਕਾਰੋਬਾਰਾਂ ਨੂੰ ਵੀ ਤਬਾਹ ਕਰਨ ਵਾਲਾ ਹੈ। ਇਸ ਲਈ ਖੇਤੀਬਾੜੀ ਏਜੰਡੇ ਅਤੇ ਜਮੀਨਾਂ ਦੇ ਮਾਲਕੀ ਹੱਕ ਲੈਣ ਲਈ ਸੰਯੁਕਤ ਮੋਰਚੇ ਦੇ ਸੱਦੇ ਤਹਿਤ ਪੰਜ ਮਾਰਚ ਨੂੰ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾ ਰਿਹਾ ਇਸ ਮੋਰਚੇ ਨੂੰ ਲੈਕੇ ਆਉਣ ਵਾਲੇ ਦਿਨਾਂ ਵਿੱਚ ਜੰਗੀ ਪੱਧਰ ਤੇ ਪਿੰਡਾਂ ਵਿੱਚ ਰੈਲੀਆਂ ਸਮੇਤ ਔਰਤਾਂ ਅਤੇ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਜਿੰਨਾ ਚਿਰ ਪੰਜਾਬ ਸਰਕਾਰ ਇਹਨਾਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਇਸ ਮੰਗ ਦੇ ਵਿੱਚ ਮੁੱਖ ਮੰਗ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਵੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਜ਼ਿਲਾ ਸੰਗਰੂਰ ਵੱਲੋਂ ਇਸ ਪੱਕੇ ਮੋਰਚੇ ਵਿੱਚ ਵੱਡੇ ਕਾਫਲੇ ਬੰਨਕੇ ਲਗਾਤਾਰ ਜਾਂਦੇ ਰਹਿਣਗੇ। ਇਸ ਮੌਕੇ ਬਹਾਲ ਸਿੰਘ ਢੀਡਸਾ, ਦਰਸ਼ਨ ਸਿੰਘ ਚੰਗਾਲੀ ਵਾਲਾ, ਰਾਮਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਕਰਨੈਲ ਸਿੰਘ ਗਨੌਟਾ, ਰਿੰਕੂ ਮੂਨਕ, ਰੋਸ਼ਨ ਮੂਨਕ, ਮਨਜੀਤ ਸਿੰਘ ਜਹਾਂਗੀਰ, ਅਜੈਬ ਸਿੰਘ ਲੱਖੇਵਾਲ, ਬਲਵਿੰਦਰ ਸਿੰਘ ਘਨੌੜ, ਰਣਜੀਤ ਸਿੰਘ ਲੋਂਗੋਵਾਲ ,ਕਰਮਜੀਤ ਸਿੰਘ ਮੰਗਵਾਲ, ਭਰਭੂਰ ਸਿੰਘ ਮੌੜਾਂ ਆਦਿ ਹਾਜ਼ਰ ਸਨ।