ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿਖੇ ਪ੍ਰੋ. ਹਿਮੇਂਦਰ ਭਾਰਤੀ ਦਾ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। 'ਈਕੋਸਿਸਟਮ ਪ੍ਰਭਾਵ ਅਤੇ ਵਿਭਿੰਨਤਾ' ਵਿਸ਼ੇ ਉੱਤੇ ਹੋਏ ਇਸ ਭਾਸ਼ਣ ਦੌਰਾਨ ਵਾਤਾਵਰਣ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੇ ਐੱਮ. ਏ. ਦੇ ਵਿਦਿਆਰਥੀਆਂ ਵੱਲੋਂ ਸਰਗਰਮ ਸ਼ਮੂਲੀਅਤ ਕੀਤੀ ਗਈ।
ਪ੍ਰੋ. ਹਿਮੇਂਦਰ ਭਾਰਤੀ ਨੇ ਵਿਦਿਆਰਥੀਆਂ ਨਾਲ ਈਕੋਸਿਸਟਮ, ਜੈਵ ਵਿਭਿੰਨਤਾ ਅਤੇ ਵਾਤਾਵਰਣ ਤਬਦੀਲੀਆਂ ਦੇ ਸਮੁੱਚੇ ਪ੍ਰਭਾਵ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਈਕੋਸਿਸਟਮ ਦੇ ਸਮੁੱਚੇ ਕੰਮਕਾਜ ਵਿੱਚ ਵੱਖ-ਵੱਖ ਪ੍ਰਜਾਤੀਆਂ ਦੀ ਮਹੱਤਵਪੂਰਨ ਭੂਮਿਕਾ, ਵੱਖ-ਵੱਖ ਨਿਵਾਸ ਸਥਾਨਾਂ ਵਿੱਚ ਉਨ੍ਹਾਂ ਦੀ ਵਿਭਿੰਨਤਾ ਅਤੇ ਇਨ੍ਹਾਂ ਦੀ ਸੰਖਿਆ 'ਤੇ ਵਾਤਾਵਰਣ ਸੰਬੰਧੀ ਵਿਘਨਾਂ ਦੇ ਨਤੀਜਿਆਂ 'ਬਾਰੇ ਵੱਖ-ਵੱਖ ਰੌਚਿਕ ਤੱਥ ਅਤੇ ਨੁਕਤੇ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਪ੍ਰੋਗਰਾਮ ਕੋਆਰਡੀਨੇਟਰ ਡਾ. ਇੰਦਰਪ੍ਰੀਤ ਸੰਧੂ ਨੇ ਸਵਾਗਤੀ ਸ਼ਬਦਾਂ ਦੌਰਾਨ ਪ੍ਰੋ. ਭਾਰਤੀ ਬਾਰੇ ਜਾਣ-ਪਛਾਣ ਕਰਵਾਈ। ਉਨ੍ਹਾਂ ਦੱਸਿਆ ਕਿ ਪ੍ਰੋ. ਭਾਰਤੀ ਪੰਜਾਬੀ ਯੂਨੀਵਰਸਿਟੀ ਦੇ ਜੀਵ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਹਨ। ਪ੍ਰੋ. ਭਾਰਤੀ ਨੇ ਭਾਰਤ ਵਿੱਚ ਕੀੜੀਆਂ ਦੀਆਂ 75 ਤੋਂ ਵੱਧ ਨਵੀਆਂ ਕਿਸਮਾਂ ਅਤੇ ਦੱਖਣ-ਪੂਰਬੀ ਏਸ਼ੀਆ ਤੋਂ ਚਾਰ ਨਵੀਆਂ ਕਿਸਮਾਂ ਦੀ ਖੋਜ ਕਰਨ ਲਈ ਕਾਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋ. ਭਾਰਤੀ ਨੂੰ 'ਦ ਐਂਟ ਮੈਨ' ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਭਾਰਤੀ ਕੀੜੀਆਂ ਬਾਰੇ ਖੋਜ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਸਦਕਾ, ਪ੍ਰੋ. ਭਾਰਤੀ ਦੇ ਸਨਮਾਨ ਵਿੱਚ ਇੱਕ ਪ੍ਰਜਾਤੀ ਦਾ ਨਾਮ 'ਲੈਪਟੋਜੀਨੀਸ ਭਾਰਤੀ' ਰੱਖਿਆ ਗਿਆ ਹੈ।
ਵਿਭਾਗ ਮੁਖੀ ਪ੍ਰੋ. ਦਮਨਜੀਤ ਸੰਧੂ ਵੱਲੋਂ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਭਾਸ਼ਣ ਨੇ ਵਿਦਿਆਰਥੀਆਂ ਨੂੰ ਵਾਤਾਵਰਣ ਸੰਬੰਧੀ ਖੋਜ ਵਿਧੀਆਂ ਅਤੇ ਈਕੋਸਿਸਟਮ ਵਿੱਚ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਹੈ।