ਮੋਹਾਲੀ : ਆਰਥੋ ਖੇਤਰ ’ਚ ਨਵੀਆਂ ਖੋਜਾਂ ਮਰੀਜ਼ਾਂ ਖ਼ਾਸਕਰ ਬਜ਼ੁਰਗਾਂ ਵਾਸਤੇ ਵਰਦਾਨ ਹਨ, ਜਿਨ੍ਹਾਂ ਨਾਲ ਸਿਹਤ ਸੇਵਾਵਾਂ ਵਿਚ ਮਿਸਾਲੀ ਸੁਧਾਰ ਹੋ ਰਿਹਾ ਹੈ। ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਸ੍ਰੀ ਕੁਮਾਰ ਰਾਹੁਲ ਨੇ ਕਹੀ। ਉਹ ਮੈਡੀਕਲ ਕਾਲਜ ਮੋਹਾਲੀ ਵਿਖੇ ਹੋਈ ਆਰਥੋ ਸਰਜਨਾਂ ਦੀ ਅੰਤਰ-ਸੂਬਾਈ ਕਾਨਫ਼ਰੰਸ ਵਿਚ ਕੁੰਜੀਵਤ ਭਾਸ਼ਣ ਦੇ ਰਹੇ ਸਨ। 1 ਅਤੇ 2 ਮਾਰਚ ਨੂੰ ਹੋਈ 29ਵੀਂ ਸਾਲਾਨਾ ਪੰਜਾਬ ਆਰਥੋਪੈਡਿਕਸ ਕਾਨਫ਼ਰੰਸ ਵਿਚ ਵੱਖ-ਵੱਖ ਸੂਬਿਆਂ ਦੇ ਕਈ ਉਘੇ ਆਰਥੋ ਸਰਜਨਾਂ ਅਤੇ ਸਿਹਤ ਪੇਸ਼ੇਵਰਾਂ ਸਮੇਤ 350 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ ਅਤੇ ਆਪੋ-ਆਪਣੇ ਕੀਮਤੀ ਵਿਚਾਰ ਅਤੇ ਤਜਰਬੇ ਸਾਂਝੇ ਕੀਤੇ। ਸ੍ਰੀ ਕੁਮਾਰ ਰਾਹੁਲ ਨੇ ਨਿਰੰਤਰ ਖੋਜਾਂ ਦੀ ਮਹੱਤਵਪੂਰਣ ਭੂਮਿਕਾ ਅਤੇ ਆਰਥੋਪੈਡਿਕਸ ਦੇ ਖੇਤਰ ਵਿੱਚ ਮਰੀਜ਼ਾਂ ਦੀ ਦੇਖਭਾਲ ਵਧਾਉਣ ’ਤੇ ਜ਼ੋਰ ਦਿਤਾ। ਉਨ੍ਹਾਂ ਡਾਕਟਰੀ ਤਕਨਾਲੋਜੀ ਵਿੱਚ ਤੇਜ਼ੀ ਨਾਲ ਹੋ ਰਹੀ ਤਰੱਕੀ ਨੂੰ ਪ੍ਰਵਾਨ ਕਰਦਿਆਂ ਕਿਹਾ ਕਿ ਆਰਥੋ ਖੇਤਰ ਵਿਚ ਨਵੀਆਂ ਖੋਜਾਂ ਮਰੀਜ਼ਾਂ ਖ਼ਾਸਕਰ ਬਜ਼ੁਰਗਾਂ ਵਾਸਤੇ ਵਰਦਾਨ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਅਜਿਹੇ ਮੰਚ ਸਰਕਾਰੀ ਸਿਹਤ ਸੇਵਾਵਾਂ ਵਿਚ ਮਿਆਰ ਨੂੰ ਹੋਰ ਉੱਚਾ ਕਰਨ ਲਈ ਕਾਰਗਰ ਸਾਬਤ ਹੋਣਗੇ। ਉਨ੍ਹਾਂ ਸਮਾਜ ਵਿਚ ਵੱਧ ਰਹੀ ਮੈਡੀਕਲ ਪੇਸ਼ੇਵਰਾਂ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਹਾਸਲ ਕੀਤੇ ਗਏ ਗਿਆਨ ਦੀ ਬਦੌਲਤ ਮਰੀਜ਼ਾਂ ਨੂੰ ਬਿਹਤਰ ਅਤੇ ਮਿਆਰੀ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਇਸ ਮੌਕੇ ਡਾਕਟਰੀ ਸਿਖਿਆ ਤੇ ਖੋਜ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਅਵਨੀਸ਼ ਕੁਮਾਰ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ।
ਕਾਲਜ ਦੇ ਪਿ੍ਰੰਸੀਪਲ ਡਾ. ਭਵਨੀਤ ਭਾਰਤੀ ਨੇ ਦਸਿਆ ਕਿ ਏਮਜ਼ ਮੋਹਾਲੀ ਦੇ ਆਰਥੋ ਵਿਭਾਗ ਅਤੇ ਏਮਜ਼ ਮੋਹਾਲੀ ਆਰਥੋ ਰਿਸਰਚ ਤੇ ਐਜੂਕੇਸ਼ਨਲ ਸੁਸਾਇਟੀ ਵਲੋਂ ਇਹ ਕਾਨਫ਼ਰੰਸ ਕਰਵਾਈ ਗਈ ਜਿਸ ਦਾ ਸਾਰਾ ਪ੍ਰਬੰਧ ਆਰਥੋ ਸਰਜਨ ਡਾ. ਅਨੁਪਮ ਮਹਾਜਨ ਦੀ ਅਗਵਾਈ ਵਿਚ ਕੀਤਾ ਗਿਆ। ਕਾਨਫ਼ਰੰਸ ਵਿਚ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਆਰਥੋ ਸਰਜਨਾਂ ਨੇ ਹਿੱਸਾ ਲਿਆ।