ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਸੰਕਟ ਵਿਚਾਲੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਧਨੋਮ ਘੇਬ੍ਰੇਯੇਸਸ ਨੇ ਜਾਨਲੇਵਾ ਵਾਇਰਸ ਖ਼ਤਰੇ ਬਾਰੇ ਗੰਭੀਰ ਚੇਤਾਵਨੀ ਦਿਤੀ ਹੈ। ਵਿਸ਼ਵ ਸੰਸਥਾ ਦੇ ਸਾਰੇ 194 ਦੇਸ਼ਾਂ ਦੇ ਮੰਤਰੀਆਂ ਦੀ ਬੈਠਕ ਵਿਚ ਟੇਡਰੋਸ ਅਧਨੋਮ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਹ ਦੁਨੀਆਂ ਹਾਲੇ ਬੇਹੱਦ ਖ਼ਤਰਨਾਕ ਸਥਿਤੀ ਵਿਚ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਜਿਹੇ ਦੇਸ਼ਾਂ ਨੂੰ ਚੇਤਾਵਨੀ ਦਿਤੀ ਹੈ ਕਿ ਤੇਜ਼ੀ ਨਾਲ ਕੋਰੋਨਾ ਵਾਇਰਸ ਵੈਕਸੀਨ ਲਾਉਣ ਦੇ ਬਾਅਦ ਵੀ ਖ਼ਤਰਾ ਖ਼ਤਮ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਜਦ ਤਕ ਕੋਰੋਨਾ ਵਾਇਰਸ ਅਤੇ ਉਸ ਦੀਆਂ ਕਿਸਮਾਂ ਫੈਲ ਰਹੇ ਹਨ, ਅਜਿਹੇ ਵਿਚ ਸਥਿਲਤਾ ਵਰਤਣ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, ‘ਕੋਈ ਗ਼ਲਤੀ ਨਾ ਕਰੋ, ਆਖਰੀ ਵਾਰ ਨਹੀਂ ਹੋਣ ਜਾ ਰਿਾ ਜਦ ਦੁਨੀਆਂ ਮਹਾਂਮਾਰੀ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ। ਇਹ ਪੱਕਾ ਹੈ ਕਿ ਇਕ ਹੋਰ ਵਾਇਰਸ ਆਵੇਗਾ ਜੋ ਇਸ ਕੋਰੋਨਾ ਵਾਇਰਸ ਦੀ ਤੁਲਨਾ ਵਿਚ ਹੋਰ ਜ਼ਿਆਦਾ ਲਾਗ ਵਾਲੀ ਅਤੇ ਮਾਰੂ ਹੋਵੇਗਾ। ਉਨ੍ਹਾਂ ਕੋਵਿਡ ਵੈਕਸੀਨ ਦੀ ਜਮ੍ਹਾਂਖ਼ੋਰੀ ਕਰਨ ਵਾਲੇ ਦੇਸ਼ਾਂ ਨੂੰ ਵੀ ਲਾਹਣਤਾਂ ਪਾਈਆਂ। ਉਨ੍ਹਾਂ ਕਿਹਾ ਕਿ ਇਸ ਕਾਰਨ ਦੁਨੀਆਂ ਵਿਚ ਅਪਮਾਨਜਨਕ ਅਸਮਾਨਤਾ ਪੈਦਾ ਹੋ ਗਈ ਹੈ। ਦੁਨੀਆਂ ਦੀ ਕੁਲ 75 ਫੀਸਦੀ ਕੋਵਿਡ ਵੈਕਸੀਨ ਨੂੰ ਦੁਨੀਆਂ ਦੇ ਕੇਵਲ 10 ਦੇਸ਼ਾਂ ਵਿਚ ਹੀ ਲਾਇਆ ਗਿਆ ਹੈ। ਉਨ੍ਹਾਂ ਵੈਕਸੀਨ ਜਮ੍ਹਾਂ ਕਰਨ ਵਾਲੇ ਦੇਸ਼ਾਂ ਨੂੰ ਕਿਹਾ ਕਿ ਉਹ ਗ਼ਰੀਬ ਦੇਸ਼ਾਂ ਨੂੰ ਵੈਕਸੀਨ ਦਾਨ ਦੇਣ। ਜ਼ਿਕਰਯੋਗ ਹੈ ਕਿ ਕੋਵਿਡ ਦੀ ਤੀਜੀ ਲਹਿਰ ਆਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਇਹ ਚੇਤਾਵਨੀ ਹੋਰ ਵੀ ਚਿੰਤਾਜਨਕ ਹੈ।