ਪਟਿਆਲਾ : ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਸਰਕਾਰੀ ਮੈਡੀਕਲ ਕਾਲਜ ਦਾ ਅੱਜ ਦੌਰਾ ਕਰਦਿਆਂ ਮੈਡੀਕਲ ਕਾਲਜ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਟੀ.ਬੀ. ਹਸਪਤਾਲ 'ਚ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਅਤੇ ਸੀਵਰ ਸਾਫ਼ ਕਰਨ ਵਾਲੇ ਕਾਮਿਆਂ ਦੀਆਂ ਮੁਸ਼ਕਿਲਾਂ ਜਾਨਣ ਤੇ ਇਨ੍ਹਾਂ ਦੇ ਹੱਲ ਲਈ ਕਾਲਜ ਤੇ ਪ੍ਰਿੰਸੀਪਲ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨਾਲ ਮੀਟਿੰਗ ਕੀਤੀ।
ਸ੍ਰੀ ਗੇਜਾ ਰਾਮ ਵਾਲਮੀਕੀ ਨੇ ਦੱਸਿਆ ਕਿ ਠੇਕੇ ਅਤੇ ਆਊਟਸੋਰਸ 'ਤੇ ਕੰਮ ਕਰਦੇ ਸੀਵਰ ਕਾਮਿਆਂ ਅਤੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਮਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਜਾਵੇਗਾ ਜਦਕਿ ਮੁੱਖ ਮੰਤਰੀ ਨੇ ਇਨ੍ਹਾਂ ਨੂੰ ਪੱਕੇ ਕਰਨ ਲਈ ਸ੍ਰੀ ਬ੍ਰਹਮ ਮਹਿੰਦਰਾ ਦੀ ਅਗਵਾਈ ਹੇਠ 5 ਕੈਬਨਿਟ ਮੰਤਰੀਆਂ 'ਤੇ ਅਧਾਰਤ ਇੱਕ ਕਮੇਟੀ ਪਹਿਲਾਂ ਹੀ ਗਠਿਤ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਇਨ੍ਹਾਂ ਕੱਚੇ ਕਾਮਿਆਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਇਨ੍ਹਾਂ ਦੀ ਭਰਤੀ ਪੱਕੇ ਤੌਰ 'ਤੇ ਕੀਤੀ ਜਾਵੇ।
ਸ੍ਰੀ ਗੇਜਾ ਰਾਮ ਨੇ ਅੱਗੇ ਦੱਸਿਆ ਕਿ ਸਫ਼ਾਈ ਕਮਿਸ਼ਨ, ਸਫ਼ਾਈ ਕਾਮਿਆਂ ਦੀ ਭਲਾਈ ਲਈ ਵਚਨਬਧ ਹੈ ਅਤੇ ਇਸ ਲਈ ਠੇਕੇਦਾਰੀ ਪ੍ਰਣਾਲੀ 'ਚ ਕੰਮ ਕਰਦੇ ਸੀਵਰਮੈਨਾਂ ਤੇ ਸਫ਼ਾਈ ਕਾਮਿਆਂ ਨੂੰ ਪੱਕਾ ਕਰਨਾ, ਇਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨੀ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਧਾਉਣ ਲਈ ਸਰਕਾਰ ਨੂੰ ਸਿਫ਼ਾਰਸ਼ ਕੀਤੀ ਹੋਈ ਹੈ।
ਇਸ ਦੌਰਾਨ ਸ੍ਰੀ ਗੇਜਾ ਰਾਮ ਵਾਲਮੀਕੀ ਨੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ ਤੋਂ ਜਾਣਕਾਰੀ ਹਾਸਲ ਕਰਦਿਆਂ ਕਿਹਾ ਕਿ ਕਾਲਜ ਤੇ ਦੋਵੇਂ ਹਸਪਤਾਲਾਂ 'ਚ ਕੰਮ ਕਰਦੇ ਕੱਚੇ ਸਫਾਈ ਕਰਮਚਾਰੀਆਂ ਤੇ ਸੀਵਰ ਮੈਨਾਂ ਦੀ ਸੂਚੀ ਉਨ੍ਹਾਂ ਨੂੰ ਸੌਂਪੀ ਜਾਵੇ। ਉਨ੍ਹਾਂ ਨੇ ਨਾਲ ਹੀ ਕਿਰਤ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਦੀ ਸੂਚੀ ਅਤੇ ਠੇਕੇਦਾਰ ਦਾ ਵੇਰਵਾ ਕਮਿਸ਼ਨ ਨੂੰ ਭੇਜਿਆ ਜਾਵੇ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਾਮ ਕ੍ਰਿਸ਼ਨ, ਗਮੀ ਕਲਿਆਣ, ਦਰਸ਼ਨ ਸਿੰਘ ਮੈਣ, ਰੋਹਿਤ ਵਾਲੀਆ, ਅਜੇ ਕੁਮਾਰ ਛੀਪਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਨਾਇਬ ਤਹਿਸੀਲਦਾਰ ਕਰਮਜੀਤ ਸਿੰਘ, ਡਿਪਟੀ ਐਮ.ਐਸ. ਡਾ. ਵਿਨੋਦ ਡੰਗਵਾਲ ਆਦਿ ਵੀ ਮੌਜੂਦ ਸਨ।