ਰਣ ਸਿੰਘ ਚੱਠਾ ਸਮੇਤ ਦਰਜਨਾਂ ਕਿਸਾਨ ਹਿਰਾਸਤ 'ਚ ਲਏ
ਕਿਸਾਨ ਹਿਤੈਸ਼ੀ ਕਹਾਉਣ ਵਾਲੇ ਜਵਾਬ ਦੇਣ ਤੋਂ ਭੱਜੇ : ਮੈਦੇਵਾਸ
ਸੁਨਾਮ : ਜ਼ਿਲ੍ਹਾ ਸੰਗਰੂਰ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਬਾਅਦ ਮੰਗਲਵਾਰ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੋਂ ਸਵਾਲ ਪੁੱਛਣ ਜਾਂਦੇ ਕਿਸਾਨਾਂ ਨੂੰ ਪੁਲਿਸ ਨੇ ਸਖ਼ਤ ਨਾਕਾਬੰਦੀ ਕਰਕੇ ਅੱਗੇ ਵਧਣ ਤੋਂ ਜ਼ਬਰਦਸਤੀ ਰੋਕ ਲਿਆ ਕਿਸਾਨਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਸਮੇਤ ਦਰਜਨਾਂ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਸਿੱਧੂਪੁਰ ਵੱਲੋਂ ਕੈਬਨਿਟ ਮੰਤਰੀ ਅਤੇ 'ਆਪ' ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਸਵਾਲ ਪੁੱਛਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਇਸ ਤਹਿਤ ਦੋਵਾਂ ਜਥੇਬੰਦੀਆਂ ਦੇ ਨੁਮਾਇੰਦੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਸ਼ਾਹਪੁਰ ਕਲਾਂ ਵਿੱਚ ਇਕੱਠੇ ਹੋਏ ਜਿਉਂ ਹੀ ਕਿਸਾਨਾਂ ਨੂੰ ਮੰਤਰੀ ਅਮਨ ਅਰੋੜਾ ਦਾ ਸ਼ਾਹਪੁਰ ਕਲਾਂ ਵਿਖੇ ਪੁੱਜ ਜਾਣ ਦਾ ਪਤਾ ਲੱਗਾ ਤਾਂ ਇਕੱਠੇ ਹੋਏ ਕਿਸਾਨਾਂ ਨੇ ਸਵਾਲ ਪੁੱਛਣ ਜਾਣ ਲਈ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਨਾਕਾਬੰਦੀ ਕਰਕੇ ਉੱਥੇ ਹੀ ਰੋਕ ਲਿਆ ਤਾਂ ਕਿਸਾਨਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੰਤਰੀ ਅਮਨ ਅਰੋੜਾ ਨੇ ਸ਼ਾਹਪੁਰ ਕਲਾਂ ਵਿੱਚ ਸਿੱਖਿਆ ਕ੍ਰਾਂਤੀ ਸਮਾਗਮ ਵਿੱਚ ਸ਼ਿਰਕਤ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਮੈਦੇਵਾਸ ਨੇ ਕਿਹਾ ਕਿ ਮੰਤਰੀ ਅਮਨ ਅਰੋੜਾ ਤੋਂ ਸਵਾਲ ਪੁੱਛਣ ਲਈ ਕਿਸਾਨਾਂ ਦਾ ਇਕੱਠ ਕੀਤਾ ਗਿਆ ਸੀ। ਪੁਲਿਸ ਨੇ ਸਖ਼ਤ ਬੈਰੀਕੇਡ ਲਗਾਕੇ ਕਿਸਾਨਾਂ ਨੂੰ ਪਿੰਡ ਦੇ ਬਾਹਰ ਰੋਕ ਦਿੱਤਾ। ਕਿਸਾਨ ਮੰਤਰੀ ਅਮਨ ਅਰੋੜਾ ਤੋਂ ਸਵਾਲ ਪੁੱਛਣ ਲਈ ਸ਼ਾਂਤੀਪੂਰਵਕ ਇਕੱਠੇ ਹੋਏ ਸਨ। ਕਿਉਂਕਿ ਪਿਛਲੇ ਮਹੀਨੇ ਭਗਵੰਤ ਮਾਨ ਸਰਕਾਰ ਨੇ ਮੋਦੀ ਸਰਕਾਰ ਦੇ ਇਸ਼ਾਰਿਆਂ 'ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ 13 ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਨੂੰ ਖਿੰਡਾ ਦਿੱਤਾ ਸੀ। ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭਜਾਉਣ ਦੇ ਨਾਲ-ਨਾਲ ਕਿਸਾਨਾਂ ਦਾ ਕਰੋੜਾਂ ਰੁਪਏ ਦਾ ਸਾਮਾਨ ਵੀ ਨਸ਼ਟ ਅਤੇ ਚੋਰੀ ਕਰ ਲਿਆ ਗਿਆ। ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਹੋ ਗਈਆਂ। ਕਿਸਾਨ ਅੱਜ ਸ਼ਾਹਪੁਰ ਕਲਾਂ ਆਏ ਕੈਬਨਿਟ ਮੰਤਰੀ ਤੋਂ ਪੁੱਛਣਾ ਚਾਹੁੰਦੇ ਸਨ ਕਿ ਕਿਸਾਨਾਂ ਦੇ ਸਮਰਥਨ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਮੋਰਚਾ ਕਿਉਂ ਖਦੇੜਿਆ ਪਰੰਤੂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਲੋਕਾਂ ਦੁਆਰਾ ਚੁਣੇ ਗਏ ਨੇਤਾ ਨੇ ਪ੍ਰਸ਼ਾਸਨ ਦੀ ਮੱਦਦ ਨਾਲ ਆਪਣਾ ਪ੍ਰੋਗਰਾਮ ਆਯੋਜਿਤ ਕੀਤਾ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਿਆ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਲੋਕ ਵਿਰੋਧੀ ਅਤੇ ਕਿਸਾਨ-ਮਜ਼ਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ। ਇਸ ਮੌਕੇ ਜ਼ਿਲ੍ਹਾ ਆਗੂ ਸੰਤ ਰਾਮ ਛਾਜਲੀ, ਜੱਗੀ ਸਿੰਘ ਗੰਢੂਆਂ, ਮਲਕੀਤ ਸਿੰਘ ਗੰਢੂਆਂ, ਪਰਮਜੀਤ ਸਿੰਘ ਮੈਦੇਵਾਸ, ਦਰਬਾਰਾ ਸਿੰਘ ਮੈਦੇਵਾਸ, ਦਰਸ਼ਨ ਸਿੰਘ ਛਾਜਲਾ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।