ਨਵੀਂ ਦਿੱਲੀ : ਮੌਸਮ ਤਬਦੀਲੀ ਦੇ ਕਾਰਨ ਫੂਡ ਸਕਿਉਰਿਟੀ ਤੇ ਹੋਣ ਵਾਲੇ ਅਸਰ ਬਾਰੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿਖੇ ਦੋ ਦਿਨਾ ਅੰਤਰ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਸ਼ਿਰਕਤ ਕੀਤੀ।
ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਰਮਾ ਨੇ ਕਿਹਾ ਕਿ ਮੌਸਮ ਤਬਦੀਲੀ ਪੂਰੀ ਦੁਨੀਆ ਲਈ ਇਕ ਬਹੁਤ ਵੱਡੀ ਚੁਣੌਤੀ ਵਜੋਂ ਉਭਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਸਮ ਤਬਦੀਲੀ ਕਾਰਨ ਜਲ ਸੰਕਟ ਪੈਦਾ ਹੋ ਰਿਹਾ ਹੈ ਕਿਉਂਕਿ ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਗਲੇਸ਼ੀਅਰ ਪਿਘਲ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲ ਸਰੋਤਾਂ ਅਤੇ ਮੌਸਮ ਨੂੰ ਬਚਾਉਣ ਲਈ ਕਈ ਕਦਮ ਪੁੱਟੇ ਹਨ ਜਿਸ ਤਹਿਤ ਟਿਕਾਊ ਖੇਤੀ, ਵਨ ਸੁਵੰਨਤਾ ਅਤੇ ਘੱਟ ਪਾਣੀ ਖਪਤ ਕਰਨ ਵਾਲੀਆਂ ਫ਼ਸਲਾਂ ਦੀ ਬਿਜਾਈ ਨੂੰ ਤਰਜੀਹ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਪੂਰੇ ਮੁਲਕ ਦਾ ਪੇਟ ਭਰਨ ਲਈ ਪੰਜਾਬ ਨੇ ਆਪਣੇ ਕੁਦਰਤੀ ਸੋਮਿਆਂ ਦਾ ਘਾਣ ਕਰਕੇ ਬਹੁਤ ਕਸ਼ਟ ਭੋਗਿਆ ਹੈ, ਖ਼ਾਸ ਕਰਕੇ ਝੋਨੇ ਦੀ ਖੇਤੀ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ, ਮਿੱਟੀ ਦੀ ਸਿਹਤ ਤੋ ਇਲਾਵਾ ਗ੍ਰੀਨ ਗੈਸਾਂ ਅਤੇ ਕਾਰਬਨ ਦੀ ਵੱਧ ਉਪਜ ਰਾਹੀਂ ਵਾਤਾਵਰਣ ਦਾ ਕਾਫ਼ੀ ਨੁਕਸਾਨ ਝੱਲਿਆ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਮੌਸਮ ਤਬਦੀਲੀ ਦੀ ਮਾਰ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਕਈ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਦੀ ਪ੍ਰਾਪਤੀ ਲਈ ਜੰਗਲ ਉਗਾਉਣ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਲਈ ਵਿਸ਼ੇਸ਼ ਵਿੱਤੀ ਸਹਾਇਤਾ, ਬੀਟੀ ਕਾਟਨ ਦੇ ਬੀਜਾਂ ਤੇ 33 ਫ਼ੀਸਦੀ ਸਬਸਿਡੀ ਅਤੇ 500 ਕਰੋੜ ਰੁਪਏ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੀ ਖ਼ਰੀਦ ਤੇ ਖ਼ਰਚੇ ਜਾ ਰਹੇ ਹਨ।
ਉਹਨਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਫੂਡ ਸਕਿਉਰਿਟੀ ਦੇ ਨਾਲ ਨਾਲ ਹੁਣ ਨਿਊਟ੍ਰੀਸ਼ਨਲ ਸਕਿਉਰਿਟੀ ਲਈ ਵੀ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨ ਚਾਹੀਦਾ ਹੈ ਅਤੇ ਇਸ ਦਿਸ਼ਾ ਵਿਚ ਇੱਕ ਮੁਹਿੰਮ ਤਿਆਰ ਕੀਤੀ ਜਾਵੇ , ਜਿਸ ਰਾਹੀਂ ਸਕੂਲਾਂ ਅਤੇ ਆਂਗਣਵਾੜੀਆਂ ਚ ਸਬਜ਼ੀਆਂ , ਫਲਾਂ ਅਤੇ ਹਰਬਲ ਪੌਦਿਆਂ ਤੇ ਆਧਾਰਿਤ “ ਨਿਊਟ੍ਰੀਸ਼ਨਲ ਗਾਰਡਨ “ ਤਿਆਰ ਕੀਤੇ ਜਾਣ ਜਿੱਥੇ ਬੱਚੇ ਛੋਟੀ ਉਮਰ ਚ ਹੀ ਪੌਸ਼ਟਿਕਤਾ ਦੀ ਭੋਜਨ ਵਿੱਚ ਮਹੱਤਤਾ ਬਾਰੇ ਜਾਣੂ ਹੋਣਗੇ , ਉਥੇ ਇਹ ਗੁਣਕਾਰੀ ਸਬਜ਼ੀਆਂ ਅਤੇ ਹਰਬਲ ਪੌਦੇ ਜਿਵੇਂ ਕੜੀ ਪੱਤਾ, ਪੁਦੀਨਾ, ਸੁਹਾਂਜਣਾ ਵਗੈਰਾ ਉਹਨਾਂ ਨੂੰ ਦਿੱਤੇ ਜਾਂਦੇ ਮਿਡ ਡੇ ਮੀਲ ਦਾ ਵੀ ਹਿੱਸਾ ਬਣ ਸਕਣ।