ਕੋਰੋਨਾ ਮਹਾਮਾਰੀ ਦੌਰਾਨ ਹੁਣ ਪਲੇਗ ਦਾ ਖ਼ਤਰਾ
ਸਿਡਨੀ : ਕੋਰੋਨਾ ਮਹਾਮਾਰੀ ਦੌਰਾਨ ਆਸਟ੍ਰੇਲੀਆ ’ਚ ਹੁਣ ਸਰਕਾਰ ਨੂੰ ਪਲੇਗ ਮਹਾਮਾਰੀ ਦਾ ਵੀ ਖ਼ਤਰਾ ਮੰਡਰਾ ਰਿਹਾ ਹੈ। ਪੂਰੀ ਦੁਨੀਆਂ ਜਿਥੇ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਹੈ, ਉੱਥੇ ਹੀ ਆਸਟ੍ਰੇਲੀਆ ’ਚ ਚੂਹਿਆਂ ਦੀ ਵਧਦੀ ਗਿਣਤੀ ਤੋਂ ਪ੍ਰੇਸ਼ਾਨ ਹੈ ਤੇ ਪਲੇਗ ਬਿਮਾਰੀ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਆਸਟ੍ਰੇਲੀਆ ਦੀ ਫ਼ੈਕਟਰੀ ਤੇ ਖੇਤਾਂ ’ਚ ਲੱਖਾਂ ਦੀ ਗਿਣਤੀ ’ਚ ਚੂਹੇ ਹੋ ਗਏ ਹਨ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਲੋਕਾਂ ਦਾ ਜੀਵਨ ਦੁੱਭਰ ਕਰ ਦਿਤਾ ਹੈ। ਇਥੇ ਲੋਕ ਇਨ੍ਹੀਂ ਦਿਨੀਂ ਚੂਹਿਆਂ ਦੀ ਬੇਤਹਾਸ਼ਾ ਆਬਾਦੀ ਕਾਰਨ ਘਬਰਾਏ ਹੋਏ ਹਨ। ਆਸਟ੍ਰੇਲੀਆ ਦੇ ਪੂਰਬੀ ਇਲਾਕਿਆਂ ’ਚ ਤਾਂ ਇਨ੍ਹਾਂ ਚੂਹਿਆਂ ਨੇ ਖੇਤਾਂ ਨੂੰ ਤਬਾਹ ਕਰ ਦਿਤਾ ਹੈ, ਉੱਥੇ ਹੀ ਅਨਾਜਾਂ ਨਾਲ ਭਰੇ ਗੁਦਾਮਾਂ ਨੂੰ ਵੀ ਖਾ ਗਏ ਹਨ।
ਇਥੇ ਚੂਹਿਆਂ ਦੀ ਗਿਣਤੀ ਹੁਣ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਲੋਕਾਂ ਦੇ ਘਰਾਂ, ਹਸਪਤਾਲਾਂ, ਗੁਦਾਮਾਂ ਤੇ ਸਰਕਾਰੀ ਦਫ਼ਤਰਾਂ ’ਚ ਵੀ ਹਰ ਕਿਤੇ ਚੂਹੇ ਨਜ਼ਰ ਆ ਰਹੇ ਹਨ। ਆਸਟ੍ਰੇਲੀਆ ਸਰਕਾਰ ਹੁਣ ਇਨ੍ਹਾਂ ਚੂਹਿਆਂ ਨੂੰ ਮਾਰਨ ਲਈ ਮੁਹਿੰਮ ਚਲਾਉਣ ਦੀ ਤਿਆਰੀ ਕਰ ਰਹੀ ਹੈ ਤੇ ਨਾਲ ਹੀ ਚੂਹਿਆਂ ਕਾਰਨ ਪ੍ਰਭਾਵਿਤ ਲੋਕਾਂ ਦੀ ਰਾਹਤ ਲਈ 353 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ।