ਨਵਾਂ ਗਾਉਂ : ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਗਰ ਕੌਂਸਲ, ਨਵਾਂ ਗਾਉਂ ਵੱਲੋਂ ਰਾਤਰੀ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਹੀ ਬੀਤੀ ਰਾਤ ਨਗਰ ਕੌਂਸਲ ਵੱਲੋਂ ਵੱਖ-ਵੱਖ ਵਾਰਡਾਂ ਦੀ ਸਾਫ ਸਫਾਈ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ, ਰਵਨੀਤ ਸਿੰਘ ਨੇ ਦੱਸਿਆ ਕਿ ਸੜਕਾਂ 'ਤੇ ਦਿਨ ਦੇ ਸਮੇਂ ਕਾਫੀ ਟ੍ਰੈਫਿਕ ਹੁੰਦਾ ਹੈ, ਜਿਸ ਨੂੰ ਦੇਖਦਿਆਂ ਰਾਤ ਸਮੇਂ ਇਹ ਸਫਾਈ ਕਾਰਜ ਆਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਤਰ੍ਹਾਂ ਸੜਕਾਂ ਤੇ ਆਲੇ ਦੁਆਲੇ ਦੀ ਸਾਫ-ਸਫਾਈ ਨਾਲ ਲੋਕਾਂ ਨੂੰ ਸਵੇਰੇ ਸਾਫ ਤੇ ਸ਼ੁੱਧ ਵਾਤਾਵਰਨ ਮਿਲੇਗਾ।
ਉਨ੍ਹਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਕਰਕੇ ਹੀ ਸਫਾਈ ਸੇਵਕਾਂ ਨੂੰ ਦੇਣ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਪਲਾਸਟਿਕ ਤੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬਾਜ਼ਾਰ ਖਰੀਦਦਾਰੀ ਕਰਦੇ ਸਮੇਂ ਕੱਪੜੇ ਦਾ ਥੈਲਾ ਨਾਲ ਲੈ ਜਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਫਾਈ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਹੀ ਸਫ਼ਲ ਹੋ ਸਕਦੀ ਹੈ, ਇਸ ਕਰਕੇ ਨਗਰ ਕੌਂਸਲ ਦੇ ਸਫਾਈ-ਸੇਵਕਾਂ ਨਾਲ ਸਹਿਯੋਗ ਕਰਕੇ ਕੂੜਾ ਕਰਕਟ ਖੁੱਲ੍ਹੇ ਵਿੱਚ ਸੜਕਾਂ 'ਤੇ ਨਾ ਸੁੱਟਿਆ ਜਾਵੇ।
ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸਫਾਈ ਸੇਵਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਟੀਮਾਂ ਤਾਇਨਾਤ ਕੀਤੀਆ ਗਈਆ ਹਨ ਜੋ ਰੋਜ਼ਾਨਾ ਰਾਤ ਨੂੰ ਸਾਫ਼-ਸਫ਼ਾਈ ਦਾ ਕੰਮ ਸੰਭਾਲ ਰਹੀਆਂ ਹਨ ਤਾਂ ਜੋ ਸ਼ਹਿਰ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ।