ਨਵੀਂ ਦਿੱਲੀ : ਵਿੱਤੀ ਸਾਲ 2020-21 ਵਿਚ ਕੁਲ ਘਰੇਲੂ ਉਤਪਾਦ ਵਾਧਾ 7.3 ਫ਼ੀਸਦੀ ਰਿਹਾ ਹੈ। ਇਸ ਪੱਖ ਤੋਂ ਵੇਖਿਆ ਜਾਵੇ ਤਾਂ ਪਿਛਲੇ ਸਾਲ ਵਿਚ ਅਰਥਚਾਰੇ ਦਾ ਸਭ ਤੋਂ ਖ਼ਰਾਬ ਦੌਰ ਹੈ। ਇਸ ਤੋਂ ਪਹਿਲਾਂ 1979-80 ਵਿਚ ਇਹ 5.2 ਫ਼ੀਸਦੀ ਦਰਜ ਕੀਤੀ ਗਈ ਸੀ। ਉਸ ਵਕਤ ਏਨੀ ਵੱਡੀ ਗਿਰਾਵਟ ਕਾਰਨ ਸੋਕਾ ਪਿਆ ਸੀ। ਇਸ ਦੇ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਵੀ ਦੁਗਣੀਆਂ ਹੋ ਗਈਆਂ ਸਨ। ਉਸ ਸਮੇਂ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਵਿਚ ਸੀ ਜੋ 33 ਮਹੀਨੇ ਬਾਅਦ ਡਿੱਗ ਗਈ। ਹਾਲਾਂਕਿ, ਜਨਵਰੀ ਤੋਂ ਮਾਰਚ ਦੌਰਾਨ ਯਾਨੀ ਚੌਥੀ ਤਿਮਾਹੀ ਵਿਚ ਦੇਸ਼ ਦੇ ਕੁਲ ਘਰੇਲੂ ਉਤਪਾਦ ਦੀ ਵਿਕਾਸ ਦਰ 1.6 ਫੀਸਦੀ ਰਹੀ। ਵਿੱਤੀ ਵਰ੍ਹੇ 2020-21 ਵਿਚ 4 ਤਿਮਾਹੀਆਂ ਵਿਚ ਪਹਿਲੀਆਂ ਦੋ ਤਿਮਾਹੀਆਂ ਵਿਚ ਜੀਡੀਪੀ ਵਿਚ ਗਿਰਾਵਟ ਰਹੀ, ਜਦਕਿ ਆਖਰੀ ਦੋ ਤਿਮਾਹੀਆਂ ਵਿਚ ਇਸ ਵਿਚ ਵਾਧਾ ਵੇਖਿਆ ਗਿਆ। ਇਹ ਲਗਾਤਾਰ ਦੂਜੀ ਤਿਮਾਹੀ ਹੈ ਜਿਸ ਵਿਚ ਕੋਰੋਨਾ ਦੇ ਬਾਵਜੂਦ ਦੇਸ਼ ਦਾ ਅਰਥਚਾਰਾ ਵਧਦਾ ਨਜ਼ਰ ਆਇਆ। ਜੀਵੀਏ ਵਿਚ ਪੂਰੇ ਸਾਲ ਦੌਰਾਨ 6.2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। 2019-20 ਵਿਚ ਜੀਡੀਪੀ ਦੀ ਵਾਧਾ ਦਰ 4.2 ਫੀਸਦੀ ਰਹੀ ਸੀ। ਫ਼ਰਵਰੀ ਵਿਚ ਦੂਜੀ ਵਾਰ ਐਡਵਾਂਸਡ ਅਨੁਮਾਨ ਜੋ ਸਰਕਾਰ ਨੇ ਜਾਰੀ ਕੀਤਾ ਸੀ, ਉਸ ਵਿਚ ਕਿਹਾ ਗਿਆ ਸੀ ਕਿ ਅਰਥਚਾਰੇ ਵਿਚ 8 ਫੀਸਦੀ ਦੀ ਸਾਲਾਨਾ ਗਿਰਾਵਟ ਆ ਸਕਦੀ ਹੈ। ਹਾਲਾਂਕਿ ਉਸ ਅਨੁਮਾਨ ਦੀ ਤੁਲਨਾ ਵਿਚ ਘੱਟ ਗਿਰਾਵਟ ਆਈ ਹੈ। ਵਿੱਤ ਵਰ੍ਹੇ 2019-20 ਵਿਚ 4 ਫੀਸਦੀ ਦਾ ਵਾਧਾ ਵੇਖਿਆ ਗਿਆ ਸੀ। ਉਂਜ ਕੋਰੋਨਾ ਦੀ ਦੂਜੀ ਲਹਿਰ ਦਾ ਅਸਰ ਇਸ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਯਾਨੀ ਅਪ੍ਰੈਲ ਤੋਂ ਜੂਨ ਵਿਚਾਲੇ ਦਿਸੇਗਾ ਕਿਉਂਕਿ ਮੁੜ ਤਾਲਾਬੰਦੀ ਮਾਰਚ ਦੇ ਅੰਤ ਅਤੇ ਅਪ੍ਰੈਲ ਵਿਚ ਰਾਜਾਂ ਨੇ ਲਗਾਈ ਹੈ। ਦੂਜੇ ਪਾਸੇ ਵਿੱਤ ਵਰ੍ਹੇ 2020-21 ਦੌਰਾਨ ਖ਼ਜ਼ਾਨੇ ਦਾ ਘਾਟਾ ਸਰਕਾਰ ਦੇ ਅਨੁਮਾਨ ਤੋਂ ਘੱਟ ਰਿਹਾ ਹੈ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਵਿੱਤੀ ਘਾਟੇ ਦਾ ਡਾਟਾ ਜਾਰੀ ਕੀਤਾ ਜਿਸ ਤਹਿਤ ਖ਼ਜ਼ਾਨੇ ਦਾ ਘਾਟਾ 18,21,461 ਕਰੋੜ ਰੁਪਏ ਹੈ। ਇਹ ਦੇਸ਼ ਦੀ ਜੀਪੀਡੀ ਦਾ 9.3 ਫ਼ੀਸਦੀ ਹੈ। ਮੋਦੀ ਸਰਕਾਰ ਦੇ ਸੱਤ ਸਾਲਾਂ ਦੇ ਰਾਜ ਵਿਚ ਅਰਥਚਾਰੇ ਨੇ ਕਈ ਉਤਰਾਅ-ਚੜ੍ਹਾਅ ਵੇਖੇ ਹਨ। ਇਹ 40 ਸਾਲਾਂ ਵਿਚ ਸਭ ਤੋਂ ਵੱਧ ਕਮੀ ਹੈ ਜੋ ਸਰਕਾਰ ਲਈ ਮੁਸ਼ਕਲ ਦਾ ਸਬੱਬ ਬਣ ਸਕਦੀ ਹੈ। ਜ਼ਾਹਰ ਹੈ ਕਿ ਵਿਰੋਧੀ ਪਾਰਟੀਆਂ ਸਰਕਾਰ ’ਤੇ ਹੱਲਾ ਬੋਲਣਗੀਆਂ।