ਬਠਿੰਡਾ : ਬਠਿੰਡੇ ਜਿਲ੍ਹੇ ਵਿੱਚ ਰਾਮਪੁਰੇ ਦੇ ਪਿੰਡ ਚਾਉਕੇ ਵਿੱਚ ਚਿਟਾ ਵੇਚਣ ਤੋਂ ਰੋਕਣ ਅਤੇ ਚਿੱਟਾ ਖੋਹ ਕੇ ਮਿੱਟੀ ਵਿੱਚ ਮਿਲਾਉਣ ਉੱਤੇ ਤਸਕਰਾਂ ਨੇ ਜੰਮ ਕੇ ਮਾਰਕੁੱਟ ਕੀਤੀ। ਤਸਕਰਾਂ ਨੇ 25 ਸਾਥੀਆਂ ਨਾਲ ਮਿਲ ਕੇ ਦੋ ਕਬੱਡੀ ਖਿਡਾਰੀਆਂ ਸਮੇਤ 7 ਨੌਜਵਾਨਾਂ ਨੂੰ ਭਜਾ-ਭਜਾ ਕੇ ਕੁੱਟਿਆ ਅਤੇ ਤਲਵਾਰਾਂ, ਗੰਡਾਸਿਆਂ ਅਤੇ ਹੋਰ ਹਥਿਆਰਾਂ ਨਾਲ ਮਾਰ ਮਾਰ ਕੇ ਲੱਤਾ ਬਾਹਾਂ ਤੋੜ ਦਿਤੀਆਂ। ਹਮਲਾਵਰ ਤੱਦ ਤੱਕ ਵਾਰ ਕਰਦੇ ਰਹੇ ਜਦੋਂ ਤੱਕ ਨੌਜਵਾਨ ਅਧਮਰੇ ਨਹੀਂ ਹੋ ਗਏ। ਪਿੰਡ ਦੇ ਕੁੱਝ ਲੋਕਾਂ ਨੇ ਹਿੰਮਤ ਕਰ ਕੇ ਹਮਲਾਵਰਾਂ ਦੇ ਚੁੰਗਲ ਤੋਂ ਨੌਜਵਾਨਾਂ ਨੂੰ ਛੁਡਵਾ ਕੇ ਹਸਪਤਾਲ ਦਾਖ਼ਲ ਕਰਵਾਇਆ।ਤਸਕਰਾਂ ਦੀ ਜਾਨੋਂ ਮਾਰਨੇ ਦੀ ਧਮਕੀ ਦੇ ਡਰ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਦੇ ਬਾਵਜੂਦ ਬੂਟਾ ਸਿੰਘ ਹਸਪਤਾਲ ਵਿੱਚ ਦਾਖਲ ਨਹੀਂ ਹੋਇਆ। ਪੁਲਿਸ ਨੇ ਗੁਰਜੀਤ ਸਿੰਘ, ਬੱਬੂ ਸਿੰਘ, ਗਗਨ ਸਿੰਘ, ਸੀਪੂ ਸਿੰਘ, ਕੁਲਦੀਪ ਸਿੰਘ ਉਰਫ ਕੀਪਾ ਵਾਸੀ ਚਾਉਕੇ ਸਮੇਤ 20 ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ ਪਰ ਕਿਸੇ ਨੂੰ ਹਾਲੇ ਤਕ ਗ੍ਰਿਫ਼ਤਾਰ ਨਹੀਂ ਕੀਤਾ । ਪੁਲਿਸ ਮੁਤਾਬਕ ਜਖ਼ਮੀਆਂ ਨੇ ਮੁਲਜ਼ਮਾਂ ਉੱਤੇ ਨਸ਼ਾ ਵੇਚਣ ਦੇ ਨਹੀਂ ਬਲਕਿ ਮੁਰਗੀ ਚੋਰੀ ਕਰਨ ਕਾਰਨ ਹੋਏ ਵਿਵਾਦ ਸਬੰਧੀ ਬਿਆਨ ਦਿਤਾ ਹੈ। ਪੁਲਿਸ ਦਾ ਦਾਅਵਾ ਹੈ ਮੁਲਜ਼ਮਾਂ ਨੂੰ ਫੜਨ ਲਈ ਲਗਾਤਾਰ ਰੇਡ ਕੀਤੀ ਜਾ ਰਹੀ ਹੈ। ਜਖ਼ਮੀਆਂ ਵਿੱਚ ਹਰਵਿੰਦਰ, ਹਰਦੀਪ, ਜਸਵਿੰਦਰ, ਸਤਪਾਲ, ਤੇ ਬੂਟਾ ਸਿੰਘ ਸ਼ਾਮਿਲ ਹਨ । ਰਾਮਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਰਵਿੰਦਰ ਸਿੰਘ ਚਾਉਕੇ ਨੇ ਦੱਸਿਆ ਕਿ ਉਹ ਕਬੱਡੀ ਕੋਚ ਹੈ । ਪਿੰਡ ਦੇ ਗਰਾਉਂਡ ਵਿੱਚ ਅਕਸਰ ਉਹ ਆਪਣੇ ਸਾਥੀਆਂ ਨਾਲ ਕਬੱਡੀ ਦੀ ਪਰੈਕਟਿਸ ਕਰਦੇ ਹਨ, ਲੇਕਿਨ ਉਕਤ ਆਰੋਪੀ ਉੱਥੇ ਨਸ਼ਾ ਵੇਚਦੇ ਹਨ। ਉਨ੍ਹਾਂ ਦਸਿਆ ਕਿ ਅਸੀਂ ਉਨ੍ਹਾਂ ਦਾ ਚਿੱਟਾ ਖੋਹ ਕੇ ਮਿੱਟੀ ਵਿਚ ਰੋਲ ਦਿਤਾ ਤਾਂ ਦੋਸ਼ੀਆਂ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ।