ਨਵੀਂ ਦਿੱਲੀ : ਯੂਪੀ ਨਾਲ ਸਬੰਧਤ ਸੀਨੀਅਰ ਕਾਂਗਰਸ ਆਗੂ ਜਿਤਿਨ ਪ੍ਰਸਾਦ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਭਾਜਪਾ ਮੁੱਖ ਦਫ਼ਤਰ ਪਹੁੰਚ ਕੇ ਪਾਰਟੀ ਦੀ ਮੈਂਬਰੀ ਲਈ। ਉਨ੍ਹਾਂ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਨੇ ਭਾਜਪਾ ਦੀ ਮੈਂਬਰੀ ਦਿਵਾਈ। ਪਾਰਟੀ ਦਫ਼ਤਰ ਪਹੁੰਚਣ ਤੋਂਪ ਹਿਲਾਂ ਜਿਤਿਨ ਪ੍ਰਸਾਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਮੁਖੀ ਜੇ ਪੀ ਨੱਡਾ ਅਤੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਸੀ। ਭਾਜਪਾ ਵਿਚ ਜਿਤਿਨ ਪ੍ਰਸਾਦ ਦਾ ਸਵਾਗਤ ਕਰਦੇ ਹੋਏ ਗੋਇਲ ਨੇ ਕਿਹਾ ਕਿ ਉਹ ਯੂਪੀ ਦੀ ਸੇਵਾ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ। ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਸਿਰਫ਼ 27 ਸਾਲ ਸੀ, ਜਦ ਪਿਤਾ ਜਿਤੇਂਦਰ ਪ੍ਰਸਾਦ ਦਾ ਦੇਹਾਂਤ ਹੋ ਗਿਆ ਸੀ। ਤਦ ਤੋਂ ਹੀ ਉਹ ਯੂਪੀ ਦੀ ਸੇਵਾ ਵਿਚ ਲੱਗ ਗਏ। ਯੂਪੀ ਦੀ ਰਾਜਨੀਤੀ ਵਿਚ ਉਨ੍ਹਾਂ ਦੀ ਵੱਡੀ ਭੂਮਿਕਾ ਰਹੀ ਹੈ। ਯੂਪੀ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ ਬ੍ਰਾਹਮਣ ਭਾਈਚਾਰੇ ਨੂੰ ਪ੍ਰਭਾਵਤ ਕਰਨ ਦਾ ਯਤਨ ਕੀਤਾ ਸੀ ਅਤੇ ਸਮਾਜਵਾਦੀ ਪਾਰਟੀ ਨਾਲ ਗਠਜੋੜ ਦੇ ਐਲਾਨ ਤੋਂ ਪਹਿਲਾਂ ਸ਼ੀਲਾ ਦੀਕਸ਼ਤ ਨੂੰ ਮੁੱਖ ਮੰਤਰੀ ਉਮੀਦਵਾਰ ਵੀ ਐਲਾਨ ਦਿਤਾ ਸੀ। ਇਸ ਭਾਈਚਾਰੇ ਵਿਚ ਜਿਤਿਨ ਪ੍ਰਸਾਦ ਦੀ ਚੰਗੀ ਪਕੜ ਮੰਨੀ ਜਾਂਦੀ ਹੈ। ਇਸ ਦੇ ਇਲਾਵਾ ਜਿਤਿਨ ਪ੍ਰਸਾਦ ਕਾਂਗਰਸ ਦੇ ਉਨ੍ਹਾਂ ਆਗੂਆਂ ਵਿਚੋਂ ਹਨ ਜਿਨ੍ਹਾਂ ਦਾ ਅਕਸ ਸਾਫ਼ ਰਿਹਾਹ ੈ ਅਤੇ ਉਹ ਵਿਵਾਦਾਂ ਤੋਂ ਪਰ੍ਹੇ ਰਹੇ ਹਨ। ਅਜਿਹੇ ਵਿਚ ਕਾਂਗਰਸ ਲਈ ਉਨ੍ਹਾਂ ਦਾ ਭਾਜਪਾ ਵਿਚ ਜਾਣਾ ਵੱਡਾ ਝਟਕਾ ਹੈ। ਪ੍ਰਸਾਦ ਨੂੰ ਰਾਹੁਲ ਗਾਂਧੀ ਦਾ ਵੀ ਕਰੀਬੀ ਮੰਨਿਆ ਜਾਂਦਾ ਹੈ। ਜਿਤਿਨ ਨੇ ਪਿਛਲੇ ਦਿਨੀਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਨਮ ਦਿਨ ਦੀ ਵਧਾਈ ਸੀ। ਉਨ੍ਹਾਂ ਟਵਿਟਰ ਤੋਂ ਖ਼ੁਦ ਦੇ ਕਾਂਗਰਸ ਆਗੂ ਹੋਣ ਦਾ ਜ਼ਿਕਰ ਵੀ ਹਟਾ ਦਿਤਾ ਸੀ।